ਮੇਰੀ ਇਸ਼ਕ ਕਹਾਣੀ .

ਮੈਂ ਸੁੱਕਿਆ ਹੋਇਆ ਫੁੱਲ ਸੱਜਣਾ, 

ਕਿਸੀ ਟੁੱਟੀ ਹੋਈ ਟਾਹਣੀ ਦਾ।

ਮੈਂ ਵਰਕਾ ਆਖਰੀ ਪਾੜ ਦਿੱਤਾ,

ਤੇਰੀ ਮੇਰੀ ਇਸ਼ਕ ਕਹਾਣੀ ਦਾ।


ਸਾਡਾ  ਮੁੱਕਦਰ ਭੈੜਾ ਸੀ,

ਬਣ ਦੁਸ਼ਮਣ ਸਾਨੂੰ ਲੁੱਟ ਗਿਆ‌।

ਅਸੀਂ ਜ਼ੋਰ ਬਥੇਰਾ ਲਾਇਆ ਸੀ,

ਆਖਿਰ ਨੂੰ ਉਹ ਟੁੱਟ ਗਿਆ।

ਜੋ ਸੁਫਨਾ ਦੇਖ ਅਸੀਂ ਬੈਠੇ ਸੀ,

ਮੈਂ ਰਾਜਾ ਤੇ ਤੂੰ ਰਾਣੀ ਦਾ।

ਮੈਂ ਵਰਕਾ ਆਖਰੀ ਪਾੜ......!


ਤੇਰੇ  ਬਾਝੋਂ ਮਹਿਫ਼ਲ ਵਿਰਾਨ ਮੇਰੀ,

ਬਸ ਮਾਤਮ ਦਿਲ ਦੇ ਵਿਹੜੇ ਆ‌।

ਸਭ ਖਾਸ ਬਿਗਾਨੇ ਕੀਤੇ ਮੈਂ,

ਜੋ ਆਪਣੇ ਦਿਲ ਦੇ ਨੇੜੇ ਆ।

ਫਿਰ ਇੱਕ ਇੱਕ ਕਰਕੇ ਦੂਰ ਕੀਤਾ,

ਹਰ ਯਾਰ ਮੈਂ ਆਪਣੀ ਢਾਣੀ ਦਾ।

ਮੈਂ ਵਰਕਾ ਆਖਰੀ ਪਾੜ.........!


ਤੂੰ ਜ਼ਿੰਦਗੀ ਵਿੱਚ ਭਾਵੇਂ ਆਉਣਾ ਨੀ,

ਪਰ ਤੈਨੂੰ ਭੁੱਲ ਵੀ ਸਕਿਆ ਨੀ।

ਲੱਖ ਵਾਰ ਮੈਂ ਕੋਸ਼ਿਸ ਕਰ ਬੈਠਾ,

ਕਿਸੇ ਹੋਰ ਤੇ ਡੁੱਲ ਵੀ ਸਕਿਆ ਨੀ।

ਤੇਰੇ ਬਿਨਾਂ ਹੋਰ ਨਾਲ ਬਣਿਆ ਨੀ,

ਇਹ ਰਿਸ਼ਤਾ ਰੂਹ ਦੇ ਹਾਣੀ ਦਾ।

ਮੈਂ ਵਰਕਾ ਆਖਰੀ ਪਾੜ..........!


ਤੇਰੇ ਬਿਨਾਂ 'ਪਾਲੀ' ਇੰਝ ਹੋਇਆ,

ਬੇਜਾਨ ਹੋਵੇ ਜਿਵੇਂ ਬੁੱਤ ਕੋਈ।

ਆ ਜ਼ਿੰਦਗੀ ਚੋਂ ਤੂੰ ਚਲੀ ਗਈ,

ਜਿਉਂ ਫੁੱਲ ਤੇ ਆ ਕੇ ਰੁੱਤ ਕੋਈ।

ਸ਼ਾਇਦ ਮਰਿਆ ਜ਼ਿੰਦਾ ਹੋ ਜਾਵਾਂ,

ਕਾਸ਼ ਘੁੱਟ ਪਾ ਜੇ ਉਹ ਪਾਣੀ ਦਾ।

ਮੈਂ ਵਰਕਾ ਆਖਰੀ ਪਾੜ ...........!

                                       - ਪਾਲ਼ੀ