ਕਿਹਾ, ਭਗਵਿੰਦਰਪਾਲ ਸਿੰਘ ਨੇ : ਕੋਰੋਨਾ ਜੰਗ ਦੇ ਜੁਝਾਰੂਆਂ ਦੀਆਂ ਵੱਡਮੁੱਲੀਆਂ ਸੇਵਾਵਾਂ ਲਈ ਸਮਾਜ ਹਮੇਸ਼ਾ ਰਿਣੀ ਰਹੇਗਾ .
ਜਗਪ੍ਰੀਤ ਸਿੰਘ
ਲੁਧਿਆਣਾ, 5 ਅਪ੍ਰੈਲ - ਉਘੇ ਸਮਾਜਸੇਵੀ ਸ. ਭਗਵਿੰਦਰਪਾਲ ਸਿੰਘ ਨੇ ਕੋਰੋਨਾ ਸੰਕਟ ਕਰਕੇ ਪੈਦਾ ਹੋਈ ਗੰਭੀਰ ਸਥਿਤੀ ਦੌਰਾਨ ਆਪੋ ਆਪਣੇ ਮੁਹਾਜ਼ ਤੋਂ ਲੋਕਾਂ ਦੀ ਸੇਵਾ ਵਿਚ ਜੁਟੇ ਵਿਅਕਤੀਆਂ ਅਤੇ ਸੰਸਥਾਵਾਂ ਪ੍ਰਤੀ ਆਪਣੇ ਸਤਿਕਾਰ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਵਲੋਂ ਇਸ ਮੁਸ਼ਕਿਲ ਘੜੀ ਵਿਚ ਨਿਭਾਏ ਜਾ ਰਹੇ ਫ਼ਰਜ਼ਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਪੈਦਾ ਹੋਏ ਵਿਸ਼ਵਵਿਆਪੀ ਸੰਕਟ ਨੇ ਸਮੁੱਚੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਹੋਇਆ ਹੈ ਅਤੇ ਦੁਨੀਆ ਦੇ ਹੋਰਨਾਂ ਦੇਸ਼ਾਂ ਵਾਂਗ ਭਾਰਤ ਵਿਚ ਲੌਕਡਾਊਨ ਅਤੇ ਕਰਫਿਊ ਦੇ ਚਲਦੇ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਅਜਿਹੇ ਹਾਲਾਤਾਂ ਵਿੱਚ ਡਾਕਟਰਾਂ, ਨਰਸਾਂ ਅਤੇ ਹੋਰ ਮੈਡੀਕਲ ਸਟਾਫ ਤੋਂ ਇਲਾਵਾ ਸਫਾਈ ਕਰਮਚਾਰੀਆਂ ਅਤੇ ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਸਜਦਾ ਕਰਨਾ ਚਾਹੀਦਾ ਹੈ। ਸਮਾਜ ਸੇਵੀ ਭਗਵਿੰਦਰਪਾਲ ਸਿੰਘ ਨੇ ਅੱਗੇ ਕਿਹਾ ਕਿ ਇਸ ਨਾਜ਼ੁਕ ਦੌਰ ਵਿਚ ਜਿੱਥੇ ਪੱਤਰਕਾਰ ਵੀਰ ਫਰੰਟਲਾਈਨ 'ਤੇ ਰਹਿ ਕੇ ਸਾਡੇ ਤੱਕ ਕੋਰੋਨਾ ਬੀਮਾਰੀ ਬਾਰੇ ਖਬਰਾਂ ਅਤੇ ਸਟੀਕ ਅੰਕੜੇ ਪਹੁੰਚਾ ਰਹੇ ਹਨ ਉੱਥੇ ਲੋੜਵੰਦਾਂ ਦੀ ਸ਼ਨਾਖਤ ਕਰਕੇ ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਰਾਹੀਂ ਰਾਸ਼ਨ ਤੇ ਹੋਰ ਲੋੜੀਂਦੀ ਸਮੱਗਰੀ ਪਹੁੰਚਾਉਣ ਲਈ ਵੀ ਮਦਦਗਾਰ ਹੋ ਰਹੇ ਹਨ। ਭਗਵਿੰਦਰਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਜੰਗ ਲੜ ਰਹੇ ਇੰਨ੍ਹਾਂ ਸਾਰੇ ਯੋਧੇ ਸਾਡੇ ਸਨਮਾਨ ਦੇ ਹੱਕਦਾਰ ਹਨ ਅਤੇ ਸਮਾਜ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਲਈ ਹਮੇਸ਼ਾ ਰਿਣੀ ਰਹੇਗਾ।
