ਜਿੰਦੜੀਏ ਅਲਵਿਦਾ /ਪਾਲੀ .

ਸੱਜਣ ਬਿਨਾਂ ਕੀ ਜੀਅ ਕੇ ਕਰਨਾ,

ਮੈਂ ਮੌਤ ਨੂੰ ਗਲੇ ਲਗਾ ਲੈਣਾ।

ਨਿੱਤ ਹਿਜਰ ਵਿੱਚ ਪਲ ਪਲ ਮਰਦਾ,

ਦੁੱਖ ਆਖਿਰ ਸਭ ਮੁਕਾ ਲੈਣਾ।

ਯਾਦ ਸੱਜਣ ਦੀ ਬਹੁਤ ਰਵਾਉੰਦੀ,

ਜੋ ਦੁਖੜੇ ਦਿੰਦੀ ਹੋਰ ਮੈਨੂੰ।

ਜਿੰਦੜੀਏ ਅਲਵਿਦਾ......

ਤੂੰ ਜਲਦੀ ਨਾਲ ਹੁਣ ਤੋਰ ਮੈਨੂੰ।


ਦਰਦ ਬਣੇ ਸਾਹਾਂ ਦੇ ਹਾਣੀ,

ਮੇਰਾ ਪੀੜਾਂ ਨਾਲ ਯਾਰਾਨਾ।

ਹੁਣ ਤਾਂ ਲੱਗੇ ਹਰ ਇੱਕ ਮੈਨੂੰ,

ਦਿਲ ਦਾ ਯਾਰ ਬੇਗਾਨਾ।

ਵਿੱਚ ਉਜਾੜਾਂ ਝੁਮਣ ਲਾਉਂਦੀ,

ਮਾਤਮ ਦੀ ਏ ਲੋਰ ਮੈਨੂੰ।

ਜਿੰਦੜੀਏ ਅਲਵਿਦਾ......

ਤੂੰ ਜਲਦੀ ਨਾਲ ਹੁਣ ਤੋਰ ਮੈਨੂੰ।


ਸਾਰੀ ਰਾਤ ਲੰਘੇ ਮੇਰੀ ਰੋ ਕੇ,

ਭੈੜੀ ਨੀਂਦ ਨਾ ਮੈਨੂੰ ਆਵੇ।

ਨੈਣਾਂ ਦੇ ਵਿੱਚ ਖਾਰਾ ਪਾਣੀ,

ਮੈਨੂੰ ਯਾਦ ਉਹਦੀ ਤੜਫਾਵੇ।

ਸਾਰੀ ਰਾਤ ਫਿਰ ਰਹੇ ਨੋਚਦਾ,

ਹੌਕਿਆਂ ਦਾ ਏ ਸ਼ੋਰ ਮੈਨੂੰ।

ਜਿੰਦੜੀਏ ਅਲਵਿਦਾ.......

ਤੂੰ ਜਲਦੀ ਨਾਲ ਹੁਣ ਤੋਰ ਮੈਨੂੰ।


ਢਲਦਾ ਸੂਰਜ ਮੱਧਮ ਹੋਇਆ,

ਮੈਨੂੰ ਛੱਡ ਚੱਲਿਆ ਪਰਛਾਵਾਂ।

ਰਾਤ ਹਿਜਰ ਦੀ ਆਉਂਦੀ ਚੱਲੀ,

ਬਸ ਮੈਂ ਹੁਣ ਚੱਲਣਾ ਚਾਹਵਾਂ।

'ਪਾਲੀ' ਵਿਦਾਈ ਦੇਣ ਆਈ ਐ,

ਕਾਲੀ ਘਟਾ ਘਣਘੋਰ ਮੈਨੂੰ।

ਜਿੰਦੜੀਏ ਅਲਵਿਦਾ.......

ਤੂੰ ਜਲਦੀ ਨਾਲ ਹੁਣ ਤੋਰ ਮੈਨੂੰ।

                                 - ਪਾਲ਼ੀ