ਕਵਿਤਾ / ਧੀ ਰਾਣੀ / ਪਾਲੀ .

ਇੱਕ ਪਿਆਰੇ ਮਿੱਤਰ ਨੇ ਆਪਣੀ ਗੁੜੀਆ ਬਾਰੇ ਜਦੋਂ ਚਾਰ ਲਾਈਨਾਂ ਲਿਖਣ ਦੀ ਫਰਮਾਇਸ਼ ਕੀਤੀ ਤਾਂ ਦਿਲ ਖੁਸ਼ ਹੋ ਗਿਆ। ਜਿਉਂਦਾ ਰਹਿ ਯਾਰਾ! ਹੁਣ ਜੋ ਵੀ ਲਿਖਿਆ ਗਿਆ ਕਬੂਲ ਕਰੀਂ। 

ਪਾਲੀ ਸ਼ਾਇਦ ਇਹ ਤਾਰੀਫ਼ ਲਿਖਣ ਦੇ ਕਾਬਲ ਨਾ ਹੋਵੇ।


...........ਧੀ ਰਾਣੀ..........

ਧੀ ਮੇਰੀ ਨੇ ਘਰ ਮੇਰੇ ਜਨਮ ਲਿਆ,

ਨਾਲ ਹਾਸੇ ਤੇ ਖੁਸ਼ੀਆਂ ਲਿਆਈ ਭਰਕੇ।

ਵਿਹੜੇ ਰੌਣਕਾਂ, ਤੇ ਘਰ ਹੈ ਲੋਹੜੀ,

ਧੀ ਰਾਣੀਏ ਤੇਰੇ ਹੀ ਆਉਣ ਕਰਕੇ।

ਜੁੱਗ ਜੁੱਗ ਜੀਅ ਤੇ ਰੱਜ ਕੇ ਮਾਣ ਮੌਜਾਂ,

ਦੁੱਖ ਆਵੇ ਨਾ ਕੋਈ ਵੀ ਕੋਲ ਤੇਰੇ।

ਫਿਰੇਂ ਵਿਹੜੇ ਵਿੱਚ ਨਿੱਕੇ ਪੈਰ ਧਰਦੀ,

ਮਿੱਠੜੇ ਕੰਨਾਂ ਵਿੱਚ ਗੂੰਜਣ ਬੋਲ ਤੇਰੇ।

ਪੁੱਤ ਮੰਨਾਂ ਤੈਨੂੰ, ਨਾ ਮੈਂ ਧੀ ਮੰਨਾਂ,

ਅਣਖ ਇੱਜ਼ਤ ਮੇਰੀ ਨੂੰ ਤੂੰਬਚਾਈਂ ਧੀਏ।

ਮਾਰ ਉੱਚੀਆਂ ਉਡਾਰੀਆਂ ਅਸਮਾਨ ਛੂਹ ਲਵੀਂ,

ਪਰ ਕਦੀ ਪੱਗ ਨੂੰ ਦਾਗ਼ ਨਾ ਲਾਈਂ ਧੀਏ।

ਉਮਰ ਮੇਰੀ ਵੀ ਤੈਨੂੰ ਹੀ ਲੱਗ ਜਾਵੇ,

ਤੂੰ ਸਾਹ ਮੇਰੇ , ਤੂੰ ਹੀ ਜਾਨ ਧੀਏ।

'ਪਾਲੀ ' ਨਾਂਅ ਉੱਚਾ ਕਰੀਂ ਤੂੰ ਬਾਬਲੇ ਦਾ,

ਬਣੀ ਘਰ ਮੇਰੇ ਦੀ ਸ਼ਾਨ ਧੀਏ......।

                                              -  ਪਾਲੀ