ਗ਼ਜ਼ਲ / ਅਸ਼ਵਨੀ ਜੇਤਲੀ .

ਰੋਜ਼ ਸੁਬਹ ਮਨ ਸ਼ਾਇਰ ਇੰਜ ਜਗਾ ਦਿੰਦਾ ਏ

ਹੱਥ ਮੇਰੇ ਵਿਚ ਕਾਗਜ਼ ਕਲਮ ਫੜਾ ਦਿੰਦਾ ਏ


ਜ਼ਿਹਨ 'ਚ ਖਿਲਰੇ ਸ਼ਬਦਾਂ ਨੂੰ ਤਰਤੀਬ ਹੈ ਦਿੰਦਾ 

ਸ਼ੇਅਰਾਂ ਵਿਚ ਫਿਰ ਜੜਦਾ, ਗ਼ਜ਼ਲ ਬਣਾ ਦਿੰਦਾ ਏ


ਹੀਰ ਦੀ ਖਾਤਰ ਛੱਡ ਹਜ਼ਾਰਾ, ਝੰਗ ਜਾਵੇ ਜੱਟ ਰਾਂਝਾ

ਇਸ਼ਕੇ ਫਾਥਾ ਪਾਲੀ ਬਣਕੇ ਮੱਝਾਂ ਫੇਰ ਚਰਾ ਦਿੰਦਾ ਏ


ਰੱਬ ਨੂੰ ਯੱਭ ਹੀ ਆਖੇ ਬੰਦਾ, ਆਖੇ ਵਕਤ ਵੀ ਮੇਰਾ

ਸੂਈ ਸਮੇਂ ਦੀ ਰੱਬ ਚੁਭੋੰਦਾ, ਪੁੱਠੀ ਜਦੋਂ ਘੁਮਾ ਦਿੰਦਾ ਏ


ਡੋਬੇ ਸੋਚ ਸਵਾਰਥ ਦੀ, ਜਦ ਵੀ ਡੋਬੇ, ਬੰਦੇ ਨੂੰ

ਪਰਉਪਕਾਰ ਦਾ ਜਜ਼ਬਾ, ਐਪਰ ਪਾਰ ਲੰਘਾ ਦਿੰਦਾ ਏ


ਦੂਰ ਸਹੀ, ਇਕ ਕਿਰਨ ਆਸ ਦੀ, ਦਿਸ ਜਾਵੇ ਤਾਂ 

ਮੰਜ਼ਿਲ ਦਾ ਮਤਵਾਲਾ ਫਿਰ ਨ੍ਹੇਰੇ ਚੀਰ ਵਿਖਾ ਦਿੰਦਾ ਏ