ਮਾਵਾਂ .
ਬਿਨ ਛੱਤ ਕਦੋਂ ਬਨੇਰੇ ਹੁੰਦੇ,
ਬਿਨ ਸੂਰਜ ਕਦੋਂ ਸਵੇਰੇ ਹੁੰਦੇ,
ਭਾਵੇਂ ਚਾਰ ਚੁਫੇਰਾ ਜਗਮਗ ਹੋਵੇ,
ਬਿਨ ਮਾਵਾਂ ਘੋਰ ਹਨੇਰੇ ਹੁੰਦੇ।
ਜ਼ਿੰਦਗੀ ਦੀਆਂ ਸੁਖਦ ਨੇ ਰਾਹਾਂ ਮਾਵਾਂ,
ਸੁੱਖਾਂ ਦੀਆਂ ਠੰਢੀਆਂ ਛਾਵਾਂ ਮਾਵਾਂ,
ਕਰਦੀਆਂ ਲੱਖਾਂ ਦੁਆਵਾਂ ਮਾਂਵਾਂ,
ਬਿਨ ਮਾਵਾਂ ਦੁੱਖ ਘਨੇਰੇ ਹੁੰਦੇ।
ਰੱਬ ਦੀ ਬਖਸ਼ੀ ਨਿਆਮਤ ਵੀ ਏ,
ਕਰਾਉੰਦੀ ਦੁੱਖਾਂ ਕੋਲੋਂ ਜ਼ਮਾਨਤ ਵੀ ਏ,
ਕਰਦੀ ਮਾਂ ਇਮਾਮਤ ਵੀ ਐ,
ਮਾਵਾਂ ਸਿਰ ਕਈ ਸਿਹਰੇ ਹੁੰਦੇ।
ਅੱਖਾਂ ਵਿੱਚੋਂ ਜੋ ਗਮ ਪੜ੍ਹ ਲੈਂਦੀ,
ਦੱਸਣ ਦੀ ਜਿਸਨੂੰ ਲੋੜ ਨਾ ਪੈਂਦੀ,
ਜਦੋਂ ਵਿੱਚ ਔਕੜ ਕੁੱਝ ਸਮਝ ਨਾ ਪੈਂਦੀ,
ਫਿਰ ਮਾਂ ਕੋਲ ਆ ਨਬੇੜੇ ਹੁੰਦੇ।
ਨਾ ਅੰਬਰ ਅਤੇ ਨਾ ਧਰਤ ਬੜੀ ਏ,
ਮਾਵਾਂ ਦੇ ਦਿਲ ਦੀ ਤੜਫ਼ ਬੜੀ ਏ,
ਦੁਨੀਆਂ ਵਿੱਚ ਹਰ ਤਰਫ ਬੜੀ ਏ,
ਵਿਰਲਿਆਂ ਮਾਂ ਦੇ ਦਿਲ ਛੇੜੇ ਹੁੰਦੇ।
'ਗੁਰਵੀਰ' ਤੂੰ ਕਿੰਝ ਤਾਰੇਂਗਾ ਕਰਜ਼ਾ,
ਬੱਸ ਮਾਂ ਨੂੰ ਸਿਜਦੇ ਕਰਦਾ ਮਰਜਾ,
ਮਾਂ ਦੀ ਬੁੱਕਲ ਵਿਚ ਜਾਹ ਵੜਜਾ,
ਮਾਵਾਂ ਕਦੋਂ ਬੂਹੇ ਭੇੜੇ ਹੁੰਦੇ।
- ਗੁਰਵੀਰ ਸਿਆਣ