"ਮੇਰੀ ਮਾਂ".
ਇੱਕ ਕਿਤਾਬ ਲਿਖੂੰਗਾ ਮੈਂ,
ਹਰ ਵਰਕੇ ਤੇ ਹੋਊ ਨਾਂ ਤੇਰਾ,
ਏਨੀ ਸੋਹਣੀ ਜ਼ਿੰਦਗੀ ਦੇਣ ਲਈ,
ਮੈਂ ਸ਼ੁਕਰ ਗੁਜ਼ਾਰ ਹਾਂ ਮਾਂ ਤੇਰਾ।।
ਛੋਟੇ ਹੁੰਦੇ ਤੋਂ ਮੈਨੂੰ ਮਾਏ,
ਤੂੰ ਸੁਪਨਿਆਂ ਨਾਲ ਸਜਾਇਆ ਹੈ।।
ਤੁਰਨਾ,ਬੋਲਣਾ, ਭੱਜਣਾ ਮਾਏ,
ਤੂੰ ਮੈਨੂੰ ਕਿੰਨਾ ਕੁੱਝ ਸਿਖਾਇਆ ਹੈ।।
ਮਾਂ ਤੂੰ ਬਿਮਾਰ ਵੀ ਹੁੰਨੀ ਐਂ,
ਮੈਨੂੰ ਤਾਂ ਖਬਰ ਵੀ ਹੁੰਦੀ ਨਾ।।
ਘਰ ਦਾ ਸਾਰਾ ਕੰਮ ਵੀ ਕਰਦੀ,
ਕੋਈ ਅਗਰ ਮਗਰ ਵੀ ਹੁੰਦੀ ਨਾ।।
ਸ਼ਬਦਾਂ ਦੀ ਤਾਂ ਗੱਲ ਹੀ ਹੈ ਨਹੀਂ,
ਜੇ ਮੈਂ ਤੇਰੇ ਬਾਰੇ ਜ਼ਿਕਰ ਕਰਾਂ।।
ਨਾਲ ਖੜੀ ਤੂੰ ਢਾਲ ਹੈਂ ਮੇਰੀ,
ਦੱਸ ਮੈਂ ਕਾਹਦਾ ਫ਼ਿਕਰ ਕਰਾਂ।।
ਗ਼ਲਤੀ ਜੇ ਕੋਈ ਹੁੰਦੀ ਮੈਥੋਂ,
ਸੱਭ ਤੋਂ ਵੱਡਾ ਦੰਡ ਵੀ ਤੂੰ ਹੈਂ।।
ਕੌੜੀ ਜਾਪਦੀ ਦੁਨੀਆ ਸਾਰੀ,
ਮੇਰੇ ਮੂੰਹ ਦੀ ਮਿਸਰੀ ਖੰਡ ਵੀ ਤੂੰ ਹੈਂ।।
ਦੁਆਵਾਂ ਤੇਰੀ ਵਾਟ ਲਮੇਰੀ ਵਿੱਚ,
ਸਦਾ ਹੈ ਮੇਰੇ ਨਾਲ ਹੀ ਰਹਿੰਦੀ।।
ਸੁੱਖ ਸਾਂਦ ਮੇਰੀ ਪੁੱਛ ਲੈਂਦੀ ਆ,
ਦਿਲ ਦਾ ਕਦੇ ਵੀ ਹਾਲ ਨੀ ਕਹਿੰਦੀ।।
ਸਭਨਾਂ ਤੋਂ ਮੈਂ ਉੱਪਰ ਹੋ ਜਾਵਾਂ,
ਤੂੰ ਕਦੇ ਨਾ ਐਸਾ ਸੋਚਿਆ ਮਾਏ।।
ਬੱਸ ਮੇਰੇ ਮੁੱਖ ਦਾ ਹਾਸਾ ਚਾਹਵੇਂ,
ਹਾਏ! ਸੱਚੀ ਤੂੰ ਕਿੰਨੀ ਭੋਲੀ ਮਾਏ।।
ਮੈਂ ਬਹੁਤਾ ਕੁੱਝ ਨੀ ਕਰ ਸਕਦਾ,
ਮੈਂ ਬੜਾ ਨਲਾਇਕ ਨਿਕੰਮਾ ਹਾਂ।।
ਬੱਸ ਕਰੇ ਅਰਦਾਸ ਸਿਧਾਰਥ ਇਹ ਰੱਬ ਤੋਂ,
ਮੈਂ ਹਰ ਵਾਰ ਤੇਰੀ ਕੁੱਖੋਂ ਜੰਮਾਂ ਮਾਂ।।
- ਸਿਧਾਰਥ