ਗ਼ਜ਼ਲ / ਅਸ਼ਵਨੀ ਜੇਤਲੀ .
ਜਿਸਨੂੰ ਹਰ ਇਕ ਰੁੱਖ ਵੀ ਆਪਣੇ ਪਿੱਤਰਾਂ ਵਰਗਾ ਲੱਗਦਾ ਹੈ
ਉਹ ਬੰਦਾ ਇਸ ਜੱਗ ਨੂੰ ਥੋਹਰਾਂ ਕਿੱਕਰਾਂ ਵਰਗਾ ਲੱਗਦਾ ਹੈ
ਦੁਨੀਆਂ ਦਾ ਦਸਤੂਰ ਨਿਰਾਲਾ, ਡਾਹਢੇ ਅੱਗੇ ਝੁਕਦੀ ਏ
ਮੁਫਲਿਸ ਇਸਨੂੰ ਪੈਰ ਦੀ ਜੁੱਤੀ, ਲਿੱਤਰਾਂ ਵਰਗਾ ਲੱਗਦਾ ਹੈ
ਲੱਭਣ ਤੁਰਦੈ ਜਦ ਵੀ ਵਿਛੜੇ ਯਾਰਾਂ ਨੂੰ ਬਾਜ਼ਾਰਾਂ ਵਿਚ ਉਹ
ਹਰ ਚਿਹਰਾ ਹੀ ਉਸਨੂੰ ਵਿਛੜੇ ਮਿੱਤਰਾਂ ਵਰਗਾ ਲੱਗਦਾ ਹੈ
ਬੇਬਸੀਆਂ, ਲਾਚਾਰੀਆਂ ਤੇ ਗ਼ਮ ਢੋਂਦੇ ਹੋਏ ਵੇਖਾਂ ਜਿਸ ਨੂੰ
ਉਸਦਾ ਹਰ ਗ਼ਮ-ਫਿਕਰ, ਆਪਣੇ ਫਿਕਰਾਂ ਵਰਗਾ ਲੱਗਦਾ ਹੈ
ਮਿਹਨਤ ਦਾ ਫਲ, ਫੁੱਲਾਂ ਵਾਂਗੂੰ, ਝੋਲੀ ਵਿਚ ਪੈ ਜਾਏ ਜਦੋਂ
ਕਿਰਤੀ ਨੂੰ ਮੁੜ੍ਹਕਾ ਫਿਰ ਆਪਣਾ, ਇੱਤਰਾਂ ਵਰਗਾ ਲੱਗਦਾ ਹੈ