ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਰਹਿੰਦ ਫਤਹਿ ਦਿਵਸ ਨੂੰ ਅਰਦਾਸ ਦਿਵਸ ਵਜੋਂ ਮਨਾਇਆ.

(ਤਸਵੀਰ ਵਿੱਚ ਸੰਤ ਗਿਆਨੀ ਅਮੀਰ ਸਿੰਘ ਜੀ, ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਬਲਜੀਤ ਸਿੰਘ ਬੀਤਾ, ਭਾਈ ਮੇਜਰ ਸਿੰਘ ਤੇ ਹੋਰ) 

*ਸਰਹਿੰਦ ਫਤਹਿ ਦਿਵਸ ਜ਼ੁਲਮੀਂ ਤਾਕਤਾਂ ਖ਼ਿਲਾਫ ਚੇਤਨਾ ਪੈਦਾ ਕਰਨ ਦਾ ਪ੍ਰਤੀਕ- ਸੰਤ ਗਿਆਨੀ ਅਮੀਰ ਸਿੰਘ ਜੀ 

ਜਗਪ੍ਰੀਤ ਸਿੰਘ 

ਲੁਧਿਆਣਾ 12 ਮਈ - ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਸਿੱਖ ਕੌਮ ਦੇ ਮਾਣਮੱਤੇ ਜਰਨੈਲ ਅਤੇ ਪਹਿਲੇ ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫਤਹਿ ਨੂੰ ਸਮਰਪਿਤ ਅਰਦਾਸ ਦਿਵਸ ਸਮਾਗਮ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਵੱਦੀ ਟਕਸਾਲ ਦੇ ਨਿੱਘੇ ਸਹਿਯੋਗ ਨਾਲ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਬੀਰ-ਰਸੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਜਵੱਦੀ ਟਕਸਾਲ ਲੁਧਿਆਣਾ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਗੁਰੂ ਸਾਹਿਬ ਦੀ ਹਜੂਰੀ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਅਰਦਾਸ ਦੀ ਸਮਾਪਤੀ ਉਪਰੰਤ ਇਕੱਤਰ ਹੋਈਆਂ ਸੰਗਤਾਂ, ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਉਹ ਸੂਰਬੀਰ ਯੋਧਾ ਸੀ, ਜਿਸ ਦੀ ਅਗਵਾਈ ਵਿੱਚ ਖਾਲਸਾ ਪੰਥ ਨੇ ਪੰਜਾਬ ਵਿੱਚ ਪਹਿਲਾ ਸਿੱਖ ਰਾਜ ਕਾਇਮ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਸੀ। ਸੰਤ ਅਮੀਰ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਇਤਿਹਾਸ ਤੇ ਚਾਨਣਾ ਪਾਉਂਦਿਆਂ ਹੋਇਆਂਕਿਹਾ ਕਿ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਫਤਹਿ ਨੂੰ ਪੱਲੇ ਬੰਨ੍ਹ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਵੱਲ ਰਵਾਨਾ ਹੋਇਆ ਤਾਂ ਸੋਨੀਪਤ, ਕੈਥਲ, ਸਮਾਣਾ, ਕਪੂਰੀ ਅਤੇ ਸਢੋਰੇ ਨੂੰ ਪੈਰਾਂ ਥੱਲੇ ਲਤਾੜ ਕੇ ਚੱਪੜਚਿੜੀ ਦੇ ਮੈਦਾਨ ਵਿੱਚ ਵਜੀਦ ਖ਼ਾਨ ਨੂੰ ਮਾਰ ਕੇ ਮੁਗਲਾਂ ਦੇ ਅਹਿਮ ਕੇਂਦਰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉੰਦਿਆਂ ਹੋਇਆਂ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦਾ ਬਦਲਾ ਲੈ ਕੇ ਅੱਜ ਦੇ ਇਤਿਹਾਸਿਕ ਦਿਨ ਸਰਹਿੰਦ ਦੀ ਧਰਤੀ ਉੱਪਰ ਫਤਹਿ ਦਾਖਾਲਸਾਈ ਨਿਸ਼ਾਨ ਝੁਲਾਇਆ ਸੀ, ਅਤੇ ਇਸੇ ਫਤਹਿ ਸਦਕਾ ਪੰਜਾਬ ਵਿੱਚ ਇੱਕ ਨਵਾਂ ਇਨਕਲਾਬ ਪੈਦਾ ਹੋਇਆ ਜਿਸ ਦੇ ਨਾਲ ਸਿੱਖ ਦੁਨੀਆਂ ਦੇ ਨਕਸ਼ੇ 'ਤੇ ਪਹਿਲੀ ਵਾਰ ਰਾਜਨੀਤਿਕ ਤਾਕਤ ਵੱਜੋਂ ਉਬਰ ਕੇ ਸਾਹਮਣੇ ਆਏ। ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਸਰਹਿੰਦ ਫਤਹਿ ਦਿਵਸ ਖਾਲਸਾ ਪੰਥ ਵਿੱਚ ਜੁਲਮੀ ਤਾਕਤਾਂ ਖਿਲਾਫ ਸੰਘਰਸ਼ ਕਰਨ ਅਤੇ ਸਰਬੱਤ ਦੇ ਭਲੇ ਦੀ ਚੇਤਨਾ ਪੈਦਾ ਕਰਨ ਦਾ ਅਹਿਮ ਅਫਸਰ ਹੈ। ਇਸ ਮੌਕੇ ਤੇ ਫੈਡਰੇਸ਼ਨ ਦੇ ਸਰਪ੍ਰਸਤਾਂ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਸੂਰਬੀਰਾਂ ਤੋਂ ਸੇਧ ਲੈਕੇ ਬਾਣੀ ਤੇ ਬਾਣੇ ਦਾ ਧਾਰਨੀ ਬਣਨਾ ਚਾਹੀਦਾ ਹੈ ਤਾਂ ਹੀ ਅਸੀਂ ਖਾਲਸਾ ਰਾਜ ਦੇ ਬੋਲ ਬਾਲੇ ਦੇ ਸੰਕਲਪ ਪੂਰਾ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਰਡੇਸ਼ਨ ਹਮੇਸ਼ਾ ਹੀ ਸਿੱਖ ਪੰਥ ਦਾ ਹਰਿਆਵਲ ਦਸਤਾ ਬਣਕੇ ਸਿੱਖ ਨੌਜਵਾਨਾਂ ਨੂੰ ਗੁਰਮਤਿ ਦੀ ਸੇਧ ਦੇਣ ਦੇ ਵਿੱਚ ਆਪਣਾ ਮੋਹਰੀ ਰੋਲ ਨਿਭਾਉੰਦੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਬਲਜੀਤ ਸਿੰਘ ਬੀਤਾ, ਭਾਈ ਗਗਨਦੀਪ ਸਿੰਘ ਕੌਮੀ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਪ੍ਰਧਾਨ ਲੁਦਿਆਣਾ ਦਿਹਾਤੀ, ਜਗਮੀਤ ਸਿੰਘ ਲੁਧਿਆਣਾ ਸ਼ਹਿਰੀ, ਸਤਨਾਮ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ ਤੇ ਸਤਿੰਦਰ ਸਿੰਘ,  ਪ੍ਰਿਤਪਾਲ ਸਿੰਘ, ਪੁਸ਼ਪਾਲ ਸਿੰਘ, ਆਦਿ ਹਾਜਰ ਸਨ।