ਨਜ਼ਮ / ਮੈਂ ਬਿਲਕੁਲ ਹੀ ਨਹੀਂ ਬਦਲਿਆ/ ਕੇ.ਮਨਜੀਤ .

 

ਕਿੰਨਾ ਬਦਲ ਗਿਆ ਹੈ ਸ਼ਹਿਰ               

'ਤੇ ਕਿੰਨੇ ਬਦਲ ਗਏ ਨੇ ਮੇਰੇ ਸ਼ਹਿਰ ਦੇ ਲੋਕ                                               

ਪਰ ਮੈਂ ਬਿਲਕੁਲ ਹੀ ਨਹੀਂ ਬਦਲਿਆ       

ਉਨ੍ਹਾਂ ਰੁੱਖਾਂ ਵਾਂਗੂ ਜੋ ਵਰ੍ਹਿਆਂ ਤੋਂ ਆਪਣੀ ਜਗਾਹ ਤੇ ਅਡੋਲ ਖੜੇ ਨੇ                   

ਓਹੀ ਰੁੱਖ, ਜਿਨ੍ਹਾਂ ਦੇ ਦੁਆਲੇ ਅਸੀਂ             

ਕਦੀ ਆਪਣੇ ਪਿਆਰ ਦੇ ਹੁਲਾਰੇ ਲੈਂਦੇ ਕਈ ਸੁਫ਼ਨੇ ਸਜਾਏ ਸਨ                   

 ਓਹੀ ਰੁੱਖ ਜੋ ਤੇਰੇ ਤੇ ਮੇਰੇ ਪਿਆਰ ਦੀ ਅਜ ਵੀ ਗਵਾਹੀ ਭਰਦੇ ਨੇ                         

 'ਤੇ ਉਹਨਾਂ ਤੇ ਉਕਰੇ ਸਾਡੇ ਦੋਹਾਂ ਦੇ ਨਾਂਅ   

ਅਜ ਵੀ ਸਾਡੇ ਪਿਆਰ ਨੂੰ ਤਰੋ ਤਾਜ਼ਾ ਕਰ ਦਿੰਦੇ ਨੇ                                       

ਜਿਵੇਂ ਇਹ ਕਲ ਦੀ ਹੀ ਗੱਲ ਹੋਵੇ         

ਕਿੰਨਾ ਬਦਲ ਗਿਆ ਹੈ ਮੇਰਾ ਸ਼ਹਿਰ

ਤੇ ਕਿੰਨੇ ਬਦਲ ਗਏ ਨੇ ਮੇਰੇ ਸ਼ਹਿਰ ਦੇ ਲੋਕ 

ਪਰ ਮੈਂ ਬਿਲਕੁਲ ਹੀ ਨਹੀਂ ਬਦਲਿਆ     

ਉਸ ਮੀਲ ਪੱਥਰ ਵਾਂਗ ਜੋ ਲੋਕਾਂ ਨੂੰ ਰਾਹ ਦੱਸਦਾ ਹੋਇਆ                              ਖੁਦ ਉੱਸੇ ਰਾਹ ਤੇ ਖੜਾ ਹੈ                   

ਜਿਵੇਂ ਉਸ ਨੂੰ ਕਿਸੇ ਦੀ ਉਡੀਕਾਂ ਹੋਵੇ         

ਕੇ ਹੁਣੇ ਕੋਈ ਆਏਗਾ 'ਤੇ ਅਚਾਨਕ

'ਵਾਜ ਮਾਰ ਕੇ ਉਸ ਨੂੰ ਬੁਲਾਏਗਾ                   

ਪਰ ਕਲਪਨਾ

ਕਦੀ ਹਕ਼ੀਕ਼ਤ ਤਾਂ ਨਹੀਂ ਬਣ ਸਕਦੀ                                   

'ਤੇ ਮੀਲ ਪੱਥਰ ਓਥੇ ਦਾ ਓਥੇ ਹੀ ਖੜਾ ਹੈ 

ਕੋਈ ਡਰ ਨਹੀਂ ਹੈ ਉਸ ਮੀਲ ਪੱਥਰ ਨੂੰ ਆਪਣੀ ਹੋਂਦ ਦਾ                         

ਕਿਉਕਿ ਇੰਟਰਨੈਟ ਦੇ ਇਸ ਯੁੱਗ ਵਿਚ     

ਉਸ ਦਾ ਬਦਲ ਅਜੇ ਤਕ ਕੋਈ ਨਹੀਂ ਬਣਿਆ                                         

ਉਹ ਅਜੇ ਵੀ ਆਪਣੀ ਹੋਂਦ ਦਾ ਅਹਿਸਾਸ ਕਰਾਉਂਦਾ ਹੋਇਆ                         

ਕਈਆਂ ਨੂੰ ਰਾਹ ਦਿਖਾਉਂਦਾ ਹੈ               

ਨਾ ਉਸ ਨੂੰ ਮੰਤਰੀਆਂ ਤੋਂ ਡਰ ਹੈ ਤੇ ਨਾ ਹੀ ਸਮੇਂ ਦੀਆਂ ਸਰਕਾਰਾਂ ਤੋਂ                   

ਉਹ ਤਾਂ ਖੁਦ ਮੀਲ ਪੱਥਰ ਨੂੰ ਸਿਜਦਾ ਕਰ     

ਆਪਣੀ ਮੰਜ਼ਿਲ 'ਤੇ ਪੁਜਦੇ ਨੇ             

ਕਿੰਨਾ ਬਦਲ ਗਿਆ ਹੈ ਸ਼ਹਿਰ             

ਤੇ ਕਿੰਨੇ ਬਦਲ ਗਏ ਨੇ ਮੇਰੇ ਸ਼ਹਿਰ ਦੇ ਲੋਕ                                             

ਪਰ ਮੈਂ ਬਿਲਕੁਲ ਹੀ ਨਹੀਂ ਬਦਲਿਆ   

ਸ਼ਾਇਦ ਤੂੰ ਬਦਲ ਗਈ ਹੋਵੇਂਗੀ         

ਸਮੇਂ  ਦੇ ਨਾਲ ਸਮਝੌਤਾ ਕਰ ਲਿਆ ਹੋਵੇ   

ਤੇ ਉਹ ਸਭ ਕੁਝ ਆਪਣੇ ਸੀਨੇਂ ਵਿਚ ਦਫ਼ਨ ਕਰ ਲਿਆ ਹੋਵੇ                     

 ਜੋ ਕਦੇ ਤੇਰੀ ਜਾਨ ਹੁੰਦਾ ਸੀ

ਪਰ ਮੈਂ ਬਿਲਕੁਲ ਹੀ ਨਹੀਂ ਬਦਲਿਆ       

ਮੈਨੂੰ ਵਿਸ਼ਵਾਸ ਹੈ ਜਦੋਂ ਅਕਾਸ਼ ਵਿਚ ਘਨਘੋਰ ਘਟਾਵਾਂ                             

ਨੂੰ ਵੇਖ ਮੋਰ ਪੈਲਾਂ ਪਾਂਦੇ ਹੋਣਗੇ               

ਤਾਂ ਤੈਨੂੰ ਜ਼ਰੂਰ ਯਾਦ ਆਂਦਾ ਹੋਵੇਗਾ           

ਰੁੱਖਾਂ ਦੇ ਦੁਆਲੇ ਇੱਕ ਦੂਜੇ ਨੂੰ ਲੱਭਣਾ       

ਤੇ ਇੱਕ ਦੂਜੇ ਨੂੰ ਵਾਜਾਂ ਮਾਰ ਕੇ ਬੁਲਾਉਣਾ   

ਪਰ ਸ਼ਾਇਦ ਇਹ ਮੇਰੀ ਕਲਪਨਾ ਹੀ ਹੋਵੇ   

ਕਿਉਂਕਿ ਮੈਂ ਬਿਲਕੁਲ ਹੀ ਨਹੀਂ ਬਦਲਿਆ