ਇੱਕੋ ਬਹਿਰ-ਦੋ ਗ਼ਜ਼ਲਾਂ / ਅਸ਼ਵਨੀ ਜੇਤਲੀ .

 

                       (1)

ਕਦੇ ਸਾਨੂੰ ਸੱਜਣਾਂ ਦੀ ਯਾਦ ਨਹੀਂ ਸੌਣ ਦਿੱਤਾ

ਕਦੇ ਸਾਨੂੰ ਕਵਿਤਾ ਦੀ ਦਾਦ ਨਹੀਂ ਸੌਣ ਦਿੱਤਾ


ਕਦੇ ਕਦੇ ਸੁਪਨੇ ਜਗਾਉਂਦੇ ਰਹੇ ਰਾਤਾਂ ਨੂੰ

ਉੰਜ ਕਦੇ ਯਾਰ ਦੇ ਨੇ ਖ਼ਾਬ ਨਹੀਂ ਸੌਣ ਦਿੱਤਾ


ਸੌਣਾ ਜਦੋਂ ਚਾਹਿਆ ਤਾਂ ਨੀਂਦ ਚੁੱਪ ਧਾਰ ਲਈ

ਚੁੱਪ ਦੇ ਸੀ ਸ਼ੋਰ ਨੇ ਜਨਾਬ ਨਹੀਂ ਸੌਣ ਦਿੱਤਾ


ਝੂਠ ਨੇ ਤਾਂ ਆਖਿਆ ਸੀ ਦਿਨ ਨੂੰ ਵੀ ਰਾਤ ਪਰ

ਸੱਚ ਦਿਆਂ ਘੋੜਿਆਂ, ਰਕਾਬ ਨਹੀਂ ਸੌਣ ਦਿੱਤਾ


ਖੁਸ਼ੀਆਂ ਉਡੀਕਦਿਆਂ ਦਿਨ ਸਾਰਾ ਲੰਘਿਆ

ਹੰਝੂਆਂ ਦੇ ਸਾਨੂੰ ਤਾਂ ਸੈਲਾਬ ਨਹੀਂ ਸੌਣ ਦਿੱਤਾ

   

                           (2)

 


ਸੰਤਾਲੀ ਵਾਲੀ ਵੰਡ ਦੀ ਕਿਤਾਬ ਨਹੀਂ ਸੌਣ ਦਿੱਤਾ

ਖੂਨੀ ਅਧਿਆਏ ਦੇ  ਆਗ਼ਾਜ਼ ਨਹੀਂ ਸੌਣ ਦਿੱਤਾ


ਦੋਵਾਂ ਦੇ ਵਡੇਰਿਆਂ ਦੀ ਨੀਂਦ ਬਟਵਾਰੇ ਲੁੱਟੀ

ਲਹਿੰਦੇ ਅਤੇ ਚੜ੍ਹਦੇ ਪੰਜਾਬ ਨਹੀਂ ਸੌਣ ਦਿੱਤਾ


ਸਵਾਰਥੀ ਨੇਤਾਵਾਂ ਪਾਈਆਂ ਧਰਮਾਂ 'ਚ 'ਵੰਡੀਆਂ

ਅੱਗ ਲਾਈ ਐਸੀ ਜੀਹਦੀ ਤਾਬ ਨਹੀਂ ਸੌਣ ਦਿੱਤਾ


ਕਦੀ ਮੇਰੇ ਯਾਰ ਵਾਲੀ  ਬੇਰੁਖੀ ਨੇ ਅੱਤ ਕੀਤੀ

ਕਦੀ ਓਹਦੇ ਅਦਬ ਅਦਾਬ ਨਹੀਂ ਸੌਣ ਦਿੱਤਾ


ਸਤਲੁਜ, ਰਾਵੀ ਤੇ ਬਿਆਸ 'ਵਾਜਾਂ ਮਾਰੀਆਂ

ਕਦੇ ਸਾਨੂੰ ਜੇਹਲਮ ਝਨ੍ਹਾਬ ਨਹੀਂ ਸੌਣ ਦਿੱਤਾ