ਗ਼ਜ਼ਲ / ਅਸ਼ਵਨੀ ਜੇਤਲੀ .
ਜਦੋਂ ਉਹਨਾਂ ਨਾਲ਼ ਮੁਲਾਕਾਤ ਸਾਡੀ ਹੋ ਗਈ
ਦਿਨ ਸਾਰਾ ਓਹਦਾ ਅਤੇ ਰਾਤ ਸਾਡੀ ਹੋ ਗਈ
ਖੁਸ਼ੀਆਂ'ਚ ਝੂਮਦਾ ਵਜੂਦ ਰਹਿਣ ਲੱਗਿਆ
ਰੰਗਾਂ ਵਿੱਚ ਭਿੱਜੀ ਸੀ ਹਯਾਤ ਸਾਡੀ ਹੋ ਗਈ
ਹਰ ਪਲ ਨਾਲ ਰਹਿਣਾ, ਅਜਬ ਨਜ਼ਾਰਾ ਸੀ
ਅੰਗ-ਸੰਗ ਰਹਿਣਾ ਹੀ ਸੌਗਾਤ ਸਾਡੀ ਹੋ ਗਈ
ਪਤਾ ਕੀ ਸੀ ਮੇਲ ਪਿੱਛੋਂ, ਮਿਲਣੀ ਜੁਦਾਈ ਹੈ
ਹੁਣ ਤਾਂ ਇਹ ਦੇਹ, ਖੰਡਰਾਤ ਸਾਡੀ ਹੋ ਗਈ
ਐਸਾ ਗਿਆ ਯਾਰ, ਨਾਲ ਰੌਣਕਾਂ ਵੀ ਲੈ ਗਿਆ
ਓਹਦੇ ਬਾਝੋਂ ਸੁੰਨੀ ਕਾਇਨਾਤ ਸਾਡੀ ਹੋ ਗਈ
ਗ਼ਮਾਂ ਵਾਲੀ ਏਥੇ ਸੀ ਬਰਾਤ ਕਿਉਂਕਿ ਢੁੱਕਣੀ
ਜ਼ਿੰਦਗੀ ਹੀ ਤੰਬੂ ਤੇ ਕਨਾਤ ਸਾਡੀ ਹੋ ਗਈ
ਸੱਚ ਜਦੋਂ ਬੋਲਦੇ ਹਾਂ, ਜ਼ਹਿਰ ਪੀਣਾ ਪੈ ਜਾਂਦਾ
ਕਿਸਮਤ ਹੀ ਵਾਂਗ ਸੁਕਰਾਤ ਸਾਡੀ ਹੋ ਗਈ