ਕੋਵਿਡ-19 ਮਹਾਂਮਾਰੀ ਲਿਆਏਗੀ ਭਿਆਨਕ ਮੰਦੀ ਅਤੇ ਬੇਰੁਜ਼ਗਾਰੀ.
ਦਸੰਬਰ 2019 ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਖਤਰਨਾਕ 'ਕਰੋਨਾ ਵਾਇਰਸ' (ਕੋਵਿਡ-19) ਮਹਾਂਮਾਰੀ ਨੇ ਪੂਰੀ ਦੁਨੀਆਂ ਵਿਚ ਬੇਹਿਸਾਬ ਤਬਾਹੀ ਮਚਾਅ ਰੱਖੀ ਹੈ। ਜ਼ਿਆਦਾਤਰ ਲੋਕ ਆਪਣੇ ਘਰਾਂ ਤਕ ਹੀ ਮਹਿਦੂਦ ਹੋ ਕੇ ਰਹਿ ਗਏ ਨੇ। ਵਿਸ਼ਵ ਵਿਚ ਮਹਾਂਮਾਰੀ ਦੇ ਪੀੜਤਾਂ ਦਾ ਅੰਕੜਾ 55 ਲੱਖ ਪਾਰ ਕਰ ਚੁੱਕੈ। ਕਰੀਬ 3.50 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ । ਕਰੀਬ 22 ਲੱਖ ਮਰੀਜ਼ ਠੀਕ ਵੀ ਹੋਏ ਨੇ। ਬਹੁਤੇ ਦੇਸ਼ਾਂ ਦੇ ਵਿਗਿਆਨੀ ਇਸ ਦੇ ਇਲਾਜ ਲਈ ਦਵਾਈ ਜਾਂ ਵੈਕਸੀਨ ਦੀ ਖੋਜ ਦੇ ਨਜ਼ਦੀਕ ਪੁੱਜਣ ਦੇ ਦਾਅਵੇ ਕਰਦੇ ਨੇ ਅਤੇ ਜਲਦੀ ਸਫਲਤਾ ਦੀਆਂ ਸੰਭਾਵਨਾਵਾਂ ਨੇ। ਵਿਸ਼ਵ ਸਿਹਤ ਸੰਸਥਾ ਵਲੋਂ ਮਹਾਂਮਾਰੀ ਦੇ ਲੰਮਾ ਸਮਾਂ ਚੱਲਣ ਦੇ ਸੰਕੇਤ ਦਿੱਤੇ ਜਾ ਰਹੇ ਨੇ। ਚੀਨ , ਦੱਖਣੀ ਕੋਰੀਆ, ਤਾਇਵਾਨ ਅਤੇ ਜਾਪਾਨ ਵਧੇਰੇ ਟੈਸਟਿੰਗ, ਮੈਡੀਕਲ ਸਹੂਲਤ ਅਤੇ ਆਪਸੀ ਦੂਰੀ ਨਾਲ ਮਹਾਂਮਾਰੀ ਨੂੰ ਥੰਮ੍ਹਣ ਵਿਚ ਸਫਲ ਵੀ ਰਹੇ ਨੇਂ। ਲੰਮਾ ਸਮਾਂ ਸਮੁੱਚੇ ਵਿਸ਼ਵ ਦੇ ਕਾਰੋਬਾਰ ਬੰਦ ਰਹਿਣ ਨਾਲ ਆਰਥਿਕਤਾ ਨੂੰ ਭਾਰੀ ਨੁਕਸਾਨ ਹੋ ਰਿਹੈ। ਜੇਕਰ ਮਹਾਂਮਾਰੀ ਤੇ ਜਲਦੀ ਕਾਬੂ ਨਹੀਂ ਪੈਂਦਾ ਤਾਂ ਬਹੁਤੇ ਦੇਸ਼ ਆਰਥਿਕ ਤਬਾਹੀ ਕਾਰਨ ਬਹੁਤ ਪਿੱਛੇ ਜਾ ਸਕਦੇ ਨੇ। ਵਿਸ਼ਵ ਵਿੱਤੀ ਫੰਡ ਵਲੋਂ 2020 ਦੌਰਾਨ ਆਉਣ ਵਾਲੀ ਮੰਦੀ ਨੂੰ 1930 ਦੀ ਭਿਆਨਕ ਮੰਦੀ ਨਾਲੋਂ ਵਧੇਰੇ ਭਿਆਨਕ ਕਿਆਸਿਆ ਗਿਅੈ। ਮਜਬੂਤ ਆਰਥਿਕਤਾ ਵਾਲੇ ਅਮਰੀਕਾ, ਫਰਾਂਸ, ਇੰਗਲੈਂਡ, ਇਟਲੀ, ਸਪੇਨ ਆਦਿ ਦੇਸ਼ਾਂ ਦੀ ਸਾਂਝੀ ਵਿਕਾਸ ਦਰ -6 % ਪੁੱਜਣ ਦੀ ਸੰਭਾਵਨਾ ਹੈ। ਮਹਾਂਮਾਰੀ ਕਾਰਨ ਸਮੁੱਚੇ ਵਿਸ਼ਵ ਦੀ ਰੂਪ ਰੇਖਾ ਪੂਰੀ ਤਰ੍ਹਾਂ ਬਦਲਣੀ ਤੈਅ ਹੈ। ਹਰ ਦੇਸ਼ ਲਈ ਕਿਸੇ ਵੀ ਕੀਮਤ ਤੇ ਆਪਣੇ ਨਾਗਰਿਕਾਂ ਦੀ ਜਾਨ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ। ਮਹਾਂਮਾਰੀ ਨਾਲ ਵਿਸ਼ਵ ਵਿਚ 9 ਟ੍ਰਿਲੀਅਨ ਡਾਲਰ ਦੇ ਨੁਕਸਾਨ ਦਾ ਅੰਦਾਜ਼ਾ ਹੈ ਅਤੇ ਭਾਰਤ ਦੀ ਵਿਕਾਸ ਦਰ 1.9% ਤੇ ਪੁੱਜਣ ਦਾ ਅਨੁਮਾਨ ਹੈ। ਇਕੱਲੇ ਅਮਰੀਕਾ ਵਿਚ ਹੁਣ ਤਕ ਬੇਰੁਜ਼ਗਾਰ ਹੋਏ 3.60 ਕਰੋੜ ਲੋਕਾਂ ਨੇ ਸਮਾਜਿਕ ਸੁਰੱਖਿਆ ਲਈ ਨਾਮ ਦਰਜ ਕਰਾਏ ਨੇ। ਇਸੇ ਤਰ੍ਹਾਂ ਸਾਰੇ ਦੇਸ਼ਾਂ ਵਿਚ ਵੱਡੀ ਪੱਧਰ ਤੇ ਨੌਕਰੀਆਂ ਖਤਮ ਹੋਣਗੀਆਂ। ਸਮੁੱਚੇ ਵਿਸ਼ਵ ਵਿਚ ਆਵਾਜਾਈ ਵਿਚ ਖੜੋਤ ਕਾਰਨ ਤੇਲ ਦੀ ਖਪਤ ਘਟਣ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ । ਵਿਸ਼ਵ ਟੂਰਿਜ਼ਮ ਅਤੇ ਮੈਨੂਫੈਕਚਰਿੰਗ ਇੰਡੱਸਟਰੀ ਨੂੰ ਵੀ ਵੱਡਾ ਝੱਟਕਾ ਲੱਗਿਆ ਹੈ।
ਚੀਨ ਖਿਲਾਫ ਅਮਰੀਕੀ ਖੇਮਾ ਇੱਕਜੁੱਟ: ਕੋਵਿਡ-19 ਮਹਾਂਮਾਰੀ ਚੀਨ ਤੋਂ ਸ਼ੁਰੂ ਹੋ ਕੇ ਪੂਰੇ ਵਿਸ਼ਵ ਵਿਚ ਫੈਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸ਼ੁਰੂ ਤੋਂ ਹੀ ਕੋਰੋਨਾਵਾਇਰਸ ਨੂੰ ਫੈਲਾਉਣ ਲਈ ਚੀਨ ਨੂੰ ਦੋਸ਼ੀ ਠਹਿਰਾਅ ਰਿਹਾ ਹੈ। ਕੋਰੋਨਾ ਮਾਮਲੇ 'ਚ ਵਿਸ਼ਵ ਸਿਹਤ ਸੰਗਠਨ ਨੂੰ ਦੁਨੀਆ ਦੇ ਬਹੁਤੇ ਦੇਸ਼ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਅਮਰੀਕਾ ਦੇ ਨਾਲ ਕਰੀਬ 120 ਦੇਸ਼ਾਂ ਨੇ ਕੋਰੋਨਾਵਾਇਰਸ ਦੀ ਉਤਪਤੀ ਸਬੰਧੀ ਮੁਕੰਮਲ ਘੋਖ ਦੀ ਮੰਗ ਰੱਖੀ ਹੈ। ਆਸਟ੍ਰੇਲੀਆ ਤੇ ਯੂਰਪੀ ਸੰਘ ਵੱਲੋਂ ਸੁਤੰਤਰ ਜਾਂਚ ਸਬੰਧੀ 73ਵੀਂ ਵਿਸ਼ਵ ਸਿਹਤ ਸਭਾ ਦੀ ਬੈਠਕ ‘ਚ ਪੇਸ਼ ਕੀਤੇ ਖਰੜੇ ਦਾ ਭਾਰਤ ਸਣੇ ਦੁਨੀਆ ਦੇ 62 ਦੇਸ਼ਾਂ ਨੇ ਸਮਰਥਨ ਕੀਤੈ। ਅਮਰੀਕਾ ਨੇ ਸਿਹਤ ੪ਸੰਸਥਾ ਨੂੰ ਦਿੱਤੀ ਜਾਂਦੀ 400 ਮਿਲੀਅਨ ਡਾਲਰ ਦੀ ਸਹਾਇਤਾ ਬੰਦ ਕਰ ਦਿਤੀ ਹੈ। ਅਮਰੀਕਾ ਦੇ ਕੌਮੀ ਸੁਰਾਖਿਆ ਸਲਾਹਕਾਰ ਓ ਬਰਾਇਨ ਨੇ ਕਿਹਾ ਕਿ ਪਿੱਛਲੇ 20 ਸਾਲਾਂ ਵਿਚ ਸਾਰਸ, ਏਲੀਅਨ ਫਲੂ, ਸਵਾਈਨ ਫਲੂ, ਕੋਵਿਡ-19 ਸਮੇਤ 5 ਮਹਾਂਮਾਰੀਆਂ ਦੀ ਸ਼ੁਰੂਆਤ ਚੀਨ ਵਿਚੋਂ ਹੀ ਹੋਈ ਹੈ ਅਤੇ ਹਣ ਵਿਸ਼ਵ ਹੋਰ ਬਰਦਾਸ਼ਤ ਨਹੀਂ ਕਰੇਗਾ। ਚੀਨ ਨੇ ਕਿਹਾ ਕਿ ਵਾਇਰਸ ਚਮਗਾਦੜ ਜਾਂ ਕਿਸੇ ਹੋਰ ਜੀਵ ਤੋਂ ਫੈਲਿਆ ਹੋਏਗਾ, ਨਾ ਕਿ ਵੁਹਾਨ ਦੀ ਪ੍ਰਯੋਗਸ਼ਾਲਾ ਵਿਚੋਂ ਲੀਕ ਹੋਇਆ ਹੈ। ਚੀਨੀ ਰਾਸ਼ਟਰਪਤੀ ਜੀ ਜ਼ਿਆਂਗ ਨੇ ਵਿਸ਼ਵ ਸਿਹਤ ਸਭਾ 'ਚ ਬੋਲਦੇ ਕਿਹਾ ਕਿ ਚੀਨ ਨੇ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਵਾਇਰਸ ਨਾਲ ਨਜਿੱਠਿਆ ਹੈ ਅਤੇ ਅਮਰੀਕਾ ਵਿਚ ਵਧੇਰੇ ਨੁਕਸਾਨ ਲਈ ਅਮਰੀਕਾ ਰਾਸ਼ਟਪਤੀ ਟਰੰਪ ਦੀ ਅਯੋਗਤਾ ਅਤੇ ਦਿਸ਼ਾਹੀਣ ਨੀਤੀ ਨੂੰ ਜਿੰਮੇਵਾਰ ਦੱਸਿਆ । ਵਿਸ਼ਵ ਸਿਹਤ ਸੰਸਥਾ ਦੇ ਦਬਾਅ ਕਾਰਣ ਚੀਨ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਲਈ ਰਾਜ਼ੀ ਜੀ ਹੋ ਗਿਆ ਹੈ। ਅਮਰੀਕਾ ਨੇ ਤਾਂ ਚੀਨ ਵਿਰੁੱਧ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ। ਮਹਾਂਮਾਰੀ ਤੇ ਕਾਬੂ ਪਾਉਣ ਕਾਰਨ ਚੀਨ ਦੀ ਆਰਥਿਕਤਾ ਨੂੰ ਅਮਰੀਕਾ ਅਤੇ ਯੂਰਪੀਨ ਦੇਸ਼ਾਂ ਦੇ ਮੁਕਾਬਲੇ ਘੱਟ ਨੁਕਸਾਨ ਹੋਇਅੈ। ਪਰ ਦੂਜੇ ਦੇਸ਼ਾਂ ਵਲੋਂ ਚੀਨ 'ਚ ਬਣੀਆਂ ਵਸਤਾਂ ਦੀ ਖਰੀਦ ਘੱਟਣ ਤੇ ਉਸ ਨੂੰ ਵੱਡਾ ਨੁਕਸਾਨ ਹੋ ਸਕਦੈ।
ਪ੍ਰਵਾਸੀ ਮਜ਼ਦੂਰਾਂ ਨਾਲ ਖਿਲਵਾੜ:
ਬੇਸ਼ਕ ਅਪਾਤਕਾਲ ਦੀ ਸਥਿਤੀ ਵਿਚ ਕਈ ਸਖਤ ਫੈਸਲੇ ਜ਼ਰੂਰੀ ਹੁੰਦੇ ਨੇ। ਪਰ ਜਿਸ ਤਰ੍ਹਾਂ
ਭਾਰਤ ਵਿਚ ਬਗੈਰ ਤਿਆਰੀ ਦੇ 25 ਮਾਰਚ ਤੋਂ ਪੂਰੇ ਦੇਸ਼ ਵਿਚ ਲੌਕਡਾਉਨ ਲਾਗੂ ਕੀਤਾ ਗਿਆ, ਉਸ ਨਾਲ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਪ੍ਰਵਾਸੀ ਮਜ਼ਦੂਰਾਂ ਨੂੰ ਕਰਨਾ ਪੈ ਰਿਹੈ। ਬੇਰੁਜ਼ਗਾਰ ਹੋਏ ਕਰੋੜਾਂ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਲੋੜੀਂਦੇ ਸਾਧਨ ਮੁਹੱਈਆ ਨਹੀਂ ਕੀਤੇ ਗਏ। ਭੁੱਖਮਰੀ ਦੀ ਕਗਾਰ 'ਤੇ ਪੁੱਜੇ ਲੱਖਾਂ ਮਜ਼ਦੂਰ ਪਿੱਤਰੀ ਰਾਜਾਂ ਵਿਚ ਘਰਾਂ ਨੂੰ ਜਾਣ ਲਈ ਅੌਰਤਾਂ ਅਤੇ ਬੱਚਿਆਂ ਸਮੇਤ ਪੈਦਲ ਸੜਕਾਂ ਤੇ ਨਿਕਲ ਤੁਰੇ। ਮਜ਼ਦੂਰ, ਅੌਰਤਾਂ ਅਤੇ ਬੱਚੇ ਭੁਖੇ ਭਾਣੇ, ਪੈਰਾਂ ਵਿਚ ਛਾਲੇ, ਨਦੀਆਂ ਨਾਲਿਆਂ ਨੂੰ ਪਾਰ ਕਰਨ ਲਈ ਮਜਬੂਰ ਹੋਏ। ਸੂਬਿਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਮਜਬੂਰਾਂ ਦੀ ਸਾਰ ਲੈਣ ਦੀ ਬਜਾਏ ਸਰਹੱਦਾਂ ਸੀਲ ਕਰ ਲਈਆਂ। ਮਜ਼ਦੂਰਾਂ ਨੂੰ ਰੋਕਣ ਲਈ ਪੁਲਿਸ ਵਲੋਂ ਤਸ਼ੱਦਤ ਕੀਤਾ ਗਿਆ। ਸੜਕਾਂ ਅਤੇ ਰੇਲ ਲਾਈਨਾਂ ਉੱਪਰ ਹੋਏ ਹਾਦਸਿਆਂ ਵਿੱਚ ਸੈਂਕੜੇ ਮਜ਼ਦੂਰ ਜਾਨਾਂ ਗੁਆ ਬੈਠੇ। ਆਪਣੇ ਹੀ ਦੇਸ਼ ਵਿਚ ਵਿਕਾਸ ਦੇ ਅਸਲੀ ਉਸਰੱਈਆਂ ਨਾਲ ਹੋਇਆ ਅਣਮਨੁੱਖੀ ਵਰਤਾਅ ਦੇਸ਼ ਦੇ ਇਤਿਹਾਸ ਦਾ ਕਾਲਾ ਅਧਿਆਏ ਬਣ ਚੁੱਕੈ। ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਤਹਿ ਕਰਕੇ ਪਰਤੇ ਮਜ਼ਦੂਰਾਂ ਨਾਲ ਕੁਆਰਨਟੀਨ ਦੇ ਨਾਮ ਤੇ ਪਸ਼ੂਆਂ ਤੋ ਭੈੜੇ ਵਰਤਾਅ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਤਸਵੀਰਾਂ ਨਾਲ ਇਨਸਾਨੀਅਤ ਸ਼ਰਮਸ਼ਾਰ ਹੋਈ। ਜਿਓਤੀ ਨਾਮ ਦੀ 13 ਸਾਲਾ ਬੱਚੀ ਆਪਣੇ ਬਿਮਾਰ ਪਿਤਾ ਨੂੰ ਪਿੱਛੇ ਬੈਠਾ ਕੇ ਸਾਈਕਲ ਤੇ ਗੁਰੂ ਗਰਾਮ ਤੋਂ ਦਰਭੰਗਾ ਤਕ 1300 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਘਰ ਪੁੱਜੀ। ਅਜਿਹੀਆਂ ਅਣਮਨੁੱਖੀ ਘਟਨਾਵਾਂ ਨਾਲ ਮਾਨਵਤਾ ਦੇ ਹਿਰਦੇ ਵਲੂੰਧਰੇ ਗਏ। ਦੁੱਖੀ ਮਜਦੂਰਾਂ ਨਾਲ ਹੋਏ ਭੈੜੇ ਸਲੂਕ ਦਾ ਕਲੰਕ ਭਾਰਤ ਦੇ ਮੱਥੇ ਤੋ ਕਦੇ ਨਹੀਂ ਮਿਟੇਗਾ। ਮਜ਼ਦੂਰ ਰੋਜ਼ਗਾਰ ਗੁਆ ਬੈਠੇ ਅਤੇ ਕਾਰਖਾਨੇ ਬੰਦ ਹੋਣਗੇ, ਕਿਵੇਂ ਦੀ ਸਥਿਤੀ ਬਣੇਗੀ? ਹਾਕਮਾਂ ਨੇ ਮਜ਼ਦੂਰਾਂ ਦੇ ਰਿਸਦੇ ਜ਼ਖਮਾਂ ਤੇ ਮਲਹਮ ਦਾ ਇਕ ਸ਼ਬਦ ਵੀ ਗਵਾਰਾ ਨਹੀਂ ਸਮਝਿਆ। 20 ਲੱਖ ਕਰੋੜ ਦੇ ਅਖੌਤੀ ਆਰਥਿਕ ਪੈਕੇਜ ਵਿਚ ਵੀ ਬੇਰੁਜ਼ਗਾਰ ਮਜ਼ਦੂਰਾਂ ਲਈ ਕੋਈ ਖਾਸ ਜ਼ਿਕਰ ਦਿਖਾਈ ਨਹੀਂ ਦਿੰਦਾ।
ਭਾਰਤ ਵਿਚ ਭਾਰੀ ਮੰਦੀ ਦੀ ਸੰਭਾਵਨਾ:
ਇਸ ਸਮੇਂ ਹਰ ਦੇਸ਼ ਲਈ ਆਪਣੇ ਨਾਗਰਿਕਾਂ ਦੀ ਜਾਨ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ। ਭਾਰਤ ਵਿਚ ਵੀ ਮਹਾਂਮਾਰੀ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹੈ ਅਤੇ ਹੁਣ ਰੋਜ਼ਾਨਾ ਛੇ ਹਜ਼ਾਰ ਤੋ ਵੱਧੇਰੇ ਨਵੇਂ ਕੇਸ ਆ ਰਹੇ ਨੇ । ਭਾਰਤ ਵਿਚ ਮਰੀਜਾਂ ਦਾ ਅੰਕੜਾ 1.33 ਲੱਖ ਤੋਂ ਪਾਰ ਜਾ ਚੁੱਕੈ ਅਤੇ 38 ਸੌ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। 54, 000 ਦੇ ਕਰੀਬ ਮਰੀਜ਼ ਠੀਕ ਹੋਏ ਨੇ। ਇੰਟਰਨੈਸ਼ਨਲ ਮੈਨੇਜਮੈਂਟ ਕੰਸਲਟਿੰਗ ਫ਼ਰਮ ਅਰਥਰ ਡੀ ਲਿਟਲ ਦੀ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦਾ ਸੱਭ ਤੋਂ ਜ਼ਿਆਦਾ ਅਸਰ ਭਾਰਤ ਦੇ ਕਮਜ਼ੋਰ ਵਰਗ ‘ਤੇ ਪਵੇਗਾ। ਕੋਰੋਨਾ ਕਾਰਨ ਭਾਰਤ ‘ਚ 13.5 ਕਰੋੜ ਲੋਕਾਂ ਦਾ ਰੁਜ਼ਗਾਰ ਖ਼ਤਮ ਹੋ ਸਕਦਾ ਹੈ ਅਤੇ 12 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਜਾਣਗੇ। ਰਿਪੋਰਟ ਅਨੁਸਾਰ 2020-21 ‘ਚ ਜੀਡੀਪੀ ‘ਚ 10.8% ਦੀ ਗਿਰਾਵਟ ਹੋਵੇਗੀ ਅਤੇ 2021-22 ‘ਚ ਵਿਕਾਸ ਦਰ 0.8% ਰਹੇਗੀ। ਬੇਰੁਜ਼ਗਾਰੀ ਦੀ ਦਰ 7.6 % ਤੋਂ ਵੱਧ ਕੇ 35 % ਤਕ ਜਾ ਸਕਦੀ ਹੈ। ਭਾਰਤ ਨੂੰ 1 ਟ੍ਰਿਲੀਅਨ ਡਾਲਰ ਦੇ ਨੁਕਸਾਨ ਦਾ ਅਨੁਮਾਨ ਹੈ।
ਪੰਜਾਬ 'ਚ ਖੇਤੀ ਲਈ ਮਜ਼ਦੂਰਾਂ ਦੀ ਕਮੀ:
ਪੰਜਾਬ ਲੌਕਡਾਉਨ ਅਤੇ ਕਰਫਿਊ ਦੀਆਂ ਸਖਤ ਬੰਦਸ਼ਾਂ ਨਾਲ ਕੋਵਿਡ-19 ਨੂੰ ਠੱਲ੍ਹ ਪਾਉਣ ਵਿਚ ਵੱਡੀ ਸਫਲ ਰਿਹੈ। ਹੁਣ ਤਕ ਕੁੱਲ 2040 ਮਰੀਜ਼ ਪਾਏ ਗਏ, ਜਿੰਨ੍ਹਾਂ ਵਿਚੋਂ 1875 ਠੀਕ ਹੋ ਕੇ ਘਰ ਜਾ ਚੁੱਕੇ ਨੇ ਅਤੇ 40 ਦੀ ਮੌਤ ਹੋਈ ਹੈ। ਕੁੱਝ ਦਿਨਾਂ ਵਿਚ ਵਿਦੇਸ਼ਾਂ ਤੋ 2000 ਅਤੇ ਦੂਜੇ ਸੂਬਿਾਆਂ ਤੋ 60 ਹਜ਼ਾਰ ਵਿਅਕਤੀ ਪੰਜਾਬ ਪੁੱਜਣਗੇ, ਜਿਨ੍ਹਾਂ ਲਈ ਪ੍ਰਸਾਸ਼ਨ ਅਲੱਰਟ ਹੈ ।
ਪੰਜਾਬ ਵਿਚੋਂ 10 ਲੱਖ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਘਰ ਪਰਤਣ ਨਾਲ ਜਿਥੇ ਉਦਯੋਗਾਂ ਦਾ ਮੁੜ ਚੱਲਣਾ ਮੁਸ਼ਕਲ ਹੋਇਅੈ, ਉਥੇ ਝੋਨੇ ਦੀ ਬਿਜਾਈ ਲਈ ਮਜ਼ਦੂਰਾਂ ਦੀ ਘਾਟ ਸਮੱਸਿਆ ਬਣ ਚੁੱਕੀ ਹੈ।
ਭਾਰਤ ਨੂੰ ਰਹਿਣਾ ਹੋਏਗਾ ਸੁਚੇਤ:
ਬਦਲੇ ਹਾਲਾਤ ਵਿਚ ਸਪਲਾਈ ਲਾਇਨ ਜਾਰੀ ਰੱਖਣ ਲਈ ਅਮਰੀਕਾ, ਦੱਖਣੀ ਕੋਰੀਆ, ਜਾਪਾਨ ਦੀਆਂ ਚੀਨ ਵਿਚ ਲੱਗੀਆਂ ਕੰਪਨੀਆਂ ਬਾਹਰ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀਆਂ ਨੇ। ਜਾਪਾਨ ਨੇ ਕੰਪਨੀਆਂ ਦੇ ਪੁਨਰਗਠਨ ਲਈ 2.2 ਅਰਬ ਡਾਲਰ ਦਾ ਵਿਸ਼ੇਸ਼ ਪੈਕੇਜ ਵੀ ਦਿੱਤਾ ਹੈ। ਇਕੱਲੇ ਅਮਰੀਕਾ ਦੀਆਂ ਚੀਨ ਵਿਚ ਕਰੀਬ 1000 ਕੰਪਨੀਆਂ 550 ਤੋਂ ਵੱਧ ਪ੍ਰੋਡਕਟ ਤਿਆਰ ਕਰਦੀਆਂ ਨੇ। ਅਜੇਹੇ ਵਿਚ ਚੀਨ ਵਿਚੋਂ ਬਾਹਰ ਨਿਕਲਣ ਵਾਲੀਆਂ ਕੰਪਨੀਆਂ ਲਈ ਭਾਰਤ ਵੱਡੇ ਖਪਤਕਾਰ ਆਧਾਰ ਵਾਲਾ ਦੇਸ਼ ਹੈ, ਜਿਥੇ ਉਹ ਨਿਵੇਸ਼ ਕਰ ਸਕਦੀਆਂ ਨੇ। ਪਰ ਭਾਰਤ ਨੂੰ ਵਿਦੇਸ਼ੀ ਕੰਪਨੀਆਂ ਨੂੰ ਖਿੱਚਣ ਲਈ ਆਧੁਨਿਕ ਇਨਫਰਾਸਟਰੱਕਚਰ ਪ੍ਰਦਾਨ ਕਰਨਾ ਹੋਏਗਾ। ਇਸ ਤਰ੍ਹਾਂ ਭਾਰਤ ਕੋਰੋਨਾ ਨਾਲ ਹੋਏ ਨੁਕਸਨ ਨੂੰ ਘਟਾਅ ਸਕਦੈ ਅਤੇ ਵਿਸ਼ਵ ਦੀ ਅਰਥਿਕਤਾ ਨੂੰ ਮੁੜ ਉਭਾਰਨ ਵਿਚ ਅਹਿਮ ਯੋਗਦਾਨ ਪਾ ਸਕਦੈ। ਇਸ ਤੋਂ ਇਲਾਵਾ
ਭਾਰਤ ਨੂੰ ਭੁਖਮਰੀ ਦਾ ਸ਼ਿਕਾਰ ਹੋ ਰਹੇ ਬੇਰੁਜ਼ਗਾਰ ਮਜ਼ਦੂਰਾਂ ਦੇ ਮੁੜਵਸੇਬੇ ਵੱਲ ਧਿਆਨ ਦੇਣਾ ਹੋਏਗਾ । ਮਹਾਂਮਾਰੀ ਨੇ ਦੇਸ਼ ਦੇ ਨਕਾਰਾ ਸਿਹਤ ਸਿਸਟਮ ਅਤੇ ਇਸ ਦੇ ਭਿ੍ਸ਼ਟਾਚਾਰ ਨੂੰ ਵੀ ਬੇਨਿਕਾਬ ਕਰਕੇ ਰੱਖ ਦਿੱਤੈ। ਭਵਿੱਖ ਵਿਚ ਕਿਸੇ ਵੀ ਆਬਦਾ ਦਾ ਸਾਹਮਣਾ ਕਰਨ ਲਈ ਸਰਕਾਰ ਨੂੰ ਸਿੱਖਿਆ , ਸਿਹਤ ਅਤੇ ਸਮਾਜਿਕ ਸੁਰੱਖਿਆ ਖੇਤਰਾਂ ਨੂੰ ਪ੍ਰਮੁੱਖਤਾ ਦੇਣੀ ਹੋਏਗੀ।
ਲੇਖਕ ,
ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਧਿਕਾਰੀ (ਰਿਟਾ.)
9915836543
