ਕਹਾਣੀ / ਅੱਖੀਆਂ ਦਾ ਤਾਰਾ / ਪ੍ਰਭਜੋਤ ਕੌਰ .

ਛੱਬੀ ਸਾਲਾਂ ਦਾ ਲੰਮਾ ਪੈਂਡਾ ਤੈਅ ਕਰਨ ਤੋਂ ਬਾਅਦ ਜਿੰਦਗੀ ਨੇ ਉਸ ਰਸਮਾਂ ਰਿਵਾਜਾਂ ਭਰੇ ਦੂਸਰੇ ਪਰਿਵਾਰ ਵਿੱਚ ਲਿਆ ਖੜ੍ਹਾ ਕਰ ਦਿੱਤਾ ਸੀ ਜਿਸਨੂੰ ਜਹਾਨ ਸਹੁਰਾ ਪਰਿਵਾਰ ਆਖ਼ਦਾ ਹੈ । ਮੈਂ ਪੇਕਿਆਂ ਦੇ ਖਿਆਲਾਂ ਦੀ ਧੁਖਧਖੀ ਵਿੱਚੋਂ ਨਿਕਲ ਕੇ ਸਹੁਰਿਆਂ ਦੀ ਇੱਜਤ ਦੇ ਮੱਥੇ ਚੁੰਨੀ ਨਾਲ ਕੱਜਣ ਦੀਆਂ ਅਥਾਹ ਕੋਸ਼ਿਸ਼ਾਂ ਕਰਨ ਲੱਗੀ ਪਰ ਮੇਰੀਆਂ ਕੋਸ਼ਿਸ਼ਾਂ ਦੇ ਬੂਟੇ ਉਸੇ ਵੇਲੇ ਸੁੱਕ ਜਾਂਦੇ ਜਦੋਂ ਕੰਨੀ ਅਵਾਜ਼ ਪੈਂਦੀ, "ਨੀ , ਆਹ ਸਿਖਾਇਆ ਤੇਰੀ ਮਾਂ ਨੇ ।" ਬਸ ਇੰਨਾ   ਸੁਣਦੇ ਸਾਰ ਹੀ ਮੇਰੀ ਕਲਪਨਾ ਦੇ ਸਰਕੜੇ ਟੁੱਟ ਜਾਂਦੇ ਤੇ ਮੈਂ ਉਸ ਵਿੱਚ ਡੁੱਬ ਜਾਂਦੀ ਸਾਂ। ਮੈਂ ਅਕਸਰ ਉਸ ਖੁਸ਼ੀ ਦਾ ਅਹਿਸਾਸ ਕਰਦੀ ਸਾਂ ਜੋ ਮੇਰੀ ਮਾਂ ਦੀਆ ਅੱਖਾਂ ਵਿੱਚ ਹੋਵੇਗੀ। ਜਦੋਂ ਮੈਂ ਇਸ ਫਾਨੀ ਦੁਨੀਆਂ ਵਿੱਚ ਆਈ ਸਾਂ ਉਹ ਸਾਰੇ ਹੀ ਲਫ਼ਜ਼ ਜੋ ਵਿਰਾਸਤ ਵਿੱਚ ਮੇਰੀ ਨਾਨੀ ਤੋਂ ਮੇਰੀ ਮਾਂ ਰਾਹੀਂ ਮੇਰੇ ਵਿੱਚ ਆਏ ਮੈਨੂੰ ਪੁਰਖਿਆਂ ਨਾਲ ਜੋੜ ਜਾਂਦੇ । ਹਮੇਸ਼ਾ ਜਿੰਦਗੀ ਦੇ ਵਲਵਲਿਆਂ ਵਿੱਚ ਫਸੀ ਭੰਬੀਰੀ ਮੇਰੀ ਮਾਂ ਰਿਸ਼ਤਿਆਂ ਦੀਆਂ ਤੰਦਾਂ ਮਜ਼ਬੂਤ ਕਰਨ ਵਿੱਚ ਰੁੱਝੀ ਰਹੀ । ਉਹ ਬਿਨਾਂ ਕਿਸੇ ਡਿਗਰੀ ਤੋਂ ਵੀ ਦੁਆਵਾਂ ਵਰਗੀਆਂ ਦਵਾਈਆਂ ਨਾਲ ਮੈਨੂੰ ਕਈ ਭੈੜੀਆ ਰੂਹਾਂ ਤੋਂ ਬਚਾਉਂਦੀ ਰਹੀ। ਤੇ ਨਜ਼ਰ ਉਤਾਰ ਕੇ ਮੇਰੀਆਂ ਬਲਾਵਾਂ ਆਪ ਸਿਰ ਲੈਂਦੀ ਰਹੀ । ਮੈਨੂੰ ਅਕਸਰ ਯਾਦ ਆਉਂਦਾ ਹੈ ਉਸਦਾ ਇਹ ਆਖਣਾ ਕਿ ਮੇਰੇ ਹੱਥਾਂ ਵਿੱਚ ਕੋਠੇ ਲਿੱਪਣ ਵਾਲੀ ਮਿੱਟੀ ਨਹੀ ਸਗੋਂ ਕਿਤਾਬਾਂ ਅਤੇ ਫਰਦਾਂ ਸੋਭਦੀਆਂ ਹਨ । ਉਸਨੇ ਮੇਰੇ ਸੁਪਨਿਆਂ ਦੇ ਦੀਵਿਆਂ ਵਿੱਚ ਆਪਣੀਆਂ ਸੱਧਰਾਂ ਦਾ ਤੇਲ ਪਾ ਕੇ ਜਿੰਦਗੀ ਵਿੱਚ ਚਾਨਣ ਕਰ ਦਿੱਤਾ ਸੀਹ ਫਿਰ ਮੈਂ ਵੀ ਉਸਦੇ ਸੁਪਨਿਆਂ ਦੇ ਪਾਣੀ ਵਿੱਚ ਬਤਖ਼ ਬਣ ਤਰਦੀ ਸਾਂ ਵ। ਉਹ ਚਾਦਰਾਂ ਜੋ ਕਈ ਪੀੜ੍ਹੀਆਂ ਤੋਂ ਦਾਜ ਵਿੱਚ ਆ ਰਹੀਆਂ ਸਨ ਮੈਂਨੂੰ ਉਹਨਾਂ ਦਾ ਇੱਕਲਾ ਇਕੱਲਾ ਧਾਗਾ ਸਗਾ ਜਾਪਦਾ ਹੈ । ਉਹ ਜ਼ਿੰਦਗੀ ਮਿੰਨਤਾਂ ਮਿਹਣਿਆਂ ਵਿੱਚ ਲੰਘਾਉਂਦੀ ਰਹੀ, ਫਿਰ ਵੀ ਹਰ ਵਾਰ ਉਸ ਤੇ ਸਵਾਲ , ਕਿਉਂ ? ਮੇਰੀ ਕਲਪਨਾ ਦੇ ਦਰਵਾਜੇ ਬੰਦ ਹੁੰਦੇ ਹਨ ਅਤੇ ਮੈਂ ਹਕੀਕਤ ਦੀਆਂ ਦਹਿਲੀਜ਼ਾਂ ' ਤੇ ਪੈਰ ਧਰਦੀ ਹਾਂ । ਫਿਰ ਵੀ ਮੇਰੇ ਕੰਨੀ ਪੈਂਦੇ ਮੇਰੀ ਮਾਂ ਨੂੰ ਦਿੱਤੇ ਜਾ ਰਹੇ ਮਿਹਣਿਆਂ ਦਾ ਸਿਲਸਿਲਾ ਨਹੀਂ ਰੁਕਦਾ। ਮੈਂ ਕੰਮ ਧੰਦੇ ਵਿੱਚ ਰੁੱਝ ਜਾਂਦੀ ਹਾਂ । ਕੁਝ ਸਮੇਂ ਬਾਅਦ ਡਾਕੀਆ ਮੇਰੀ ਮਾਂ ਦੇ ਬਿਮਾਰ ਹੋਣ ਦੀ ਖ਼ਬਰ ਪਹੁੰਚਾਉਂਦਾ ਹੈ । ਮੇਰੇ ਮਨ ਵਿੱਚ ਸਵਾਲ ਖੜ੍ਹੇ ਹੁੰਦੇ ਹਨ ਕਿ ਮੇਰੀ ਮਾਂ ਕੀ ਕਰੇ। ਮੈਂ ਉਸਨੂੰ ਮਿਲਣ ਜਾਂਦੀ ਹਾਂ ਤੇ ਉਹ ਆਖਦੀ ਹੈ ਕਿ ਉਹ ਕਦੇ ਸੁਖਦੇਵ ਸਿੰਘ ਦੀ ਧੀ , ਕਦੇ ਕੁਲਦੀਪ ਸਿੰਘ ਦੀ ਪਤਨੀ ਹੀ ਬਣੀ ਰਹੀ। ਉਸਦਾ ਖੁਦ ਦਾ ਕਿਰਦਾਰ ਕਦੇ ਸਾਹਮਣੇ ਨਾ ਆ ਸਕਿਆ। ਇਹ ਤੇਰੇ ਨਾਲ ਵੀ ਹੋਵੇਗਾ। ਕਿਉਂਕਿ ਇਹ ਚੱਕਰ ਕਦੇ ਨਹੀਂ ਰੁਕਦੇ। ਫਿਰ ਭਿੱਜੀਆਂ ਅੱਖਾਂ ਨਾਲ ਮੇਰੀ ਸੱਸ ਨੂੰ ਇਹ ਕੇ ਅਲਵਿਦਾ ਕਹਿ ਗਈ ਕਿ  "ਅੱਖੀਆਂ ਦੇ ਤਾਰੇ ਨੂੰ ਜੀ ਤੁਸੀ ਦਿਲ ਵਿੱਚ ਰੱਖ ਲੈਣ ।