ਗ਼ਜ਼ਲ / ਅਸ਼ਵਨੀ ਜੇਤਲੀ .

 

ਸੱਜਣਾਂ ਵੇ ਮੇਰੀ ਕੀ ਮਜਾਲ, ਕਿਵੇਂ ਮੋੜਾਂ

ਤੇਰੇ ਵੱਲ ਜਾਂਦੈ ਜੋ ਖਿਆਲ ਕਿਵੇਂ ਮੋੜਾਂ


ਭੁੱਲ ਕਿਵੇਂ ਹੋਊ ਤੈਨੂੰ ਤੇਰੇ ਜਾਣ ਮਗਰੋਂ

ਤੇਰਾ ਕੀਤਾ ਤੈਨੂੰ ਹੀ ਸਵਾਲ ਕਿਵੇਂ ਮੋੜਾਂ


ਇਹੀ ਤਾਂ ਖਜ਼ਾਨਾ ਹੁਣ ਕੋਲ ਮੇਰੇ ਬਚਿਐ

ਤੇਰੀ ਇਹ ਨਿਸ਼ਾਨੀ ਮੈਂ ਰੁਮਾਲ ਕਿਵੇਂ ਮੋੜਾਂ


ਤੇਰੇ ਮੇਰੇ ਮੇਲ ਵਾਲਾ ਖਾਬ ਅੱਖਾਂ ਵਿਚ ਜੋ

ਚਿਰਾਂ ਤੋਂ ਹੈ ਰੱਖਿਐ ਸੰਭਾਲ, ਕਿਵੇਂ ਮੋੜਾਂ


ਨੇਸਤੋਨਾਬੂਦ ਇਹਨੇ ਕਰਨੈਂ ਵਜੂਦ ਹੁਣ

ਯਾਰ ਦੀ ਜੁਦਾਈ ਦਾ ਭੁਚਾਲ ਕਿਵੇਂ ਮੋੜਾਂ