ਗ਼ਜ਼ਲ / ਅਸ਼ਵਨੀ ਜੇਤਲੀ .
ਤਹਿਸ ਨਹਿਸ ਕਰ ਗਿਆ ਹੈ, ਇਕ ਬਵੰਡਰ, ਜ਼ਿੰਦਗੀ
ਮੀਨਾਰ ਸੀ, ਜੋ ਬਣ ਗਈ ਹੈ, ਹੁਣ ਇਹ ਖੰਡਰ ਜ਼ਿੰਦਗੀ
ਜ਼ਿੰਦਗੀ ਹੁਣ ਜ਼ਿੰਦਗੀ ਦੇ ਬਿਨ ਵੀ ਕੀ ਹੈ ਜ਼ਿੰਦਗੀ
ਸੀਨੇ 'ਚ ਹਰ ਪਲ ਚੁੱਭ ਰਹੀ ਹੈ ਵਾਂਗ ਖੰਜਰ ਜ਼ਿੰਦਗੀ
ਪੀੜਾਂ ਦੇ ਨਾਲ ਗਈ ਪਰੁੰਨੀ, ਜਿਊਣ ਨੂੰ ਨਾ ਚਿੱਤ ਕਰੇ
ਜਿਊਣੀ ਤਾਂ ਪਰ ਪੈਣੀ ਹੀ ਹੈ, ਇਹ ਪਤੰਦਰ ਜ਼ਿੰਦਗੀ
ਜ਼ਿੰਦਗੀ ਦੇ ਰੰਗ-ਢੰਗ-ਭੇਦ, ਸੱਭ ਗੁੱਝੇ ਅਤੇ ਅਜੀਬ ਨੇ
ਮਾਰੂਥਲ ਜਿਹੀ ਹੈ ਕਿਤੇ, ਤੇ ਕਿਧਰੇ ਹੈ ਸਮੰਦਰ ਜ਼ਿੰਦਗੀ
ਸਾਜ਼ਿਸ਼ਾਂ ਦੇ ਜਾਲ ਵਿਚ ਫਸਦੇ ਸਦਾ ਅਣਭੋਲ ਹੀ
ਲੰਘਦੀ ਫਿਰ ਫਿਕਰਮੰਦੀ ਦੇ ਸੈਲਾਬ ਅੰਦਰ ਜ਼ਿੰਦਗੀ
ਸਿਆਸਤਾਂ ਦਾ ਦੌਰ ਹੈ ਬਚ ਕੇ ਹੀ ਰਹਿਣਾ ਠੀਕ ਹੈ
ਕੀ ਪਤਾ ਹੁਣ ਇਹ ਦਿਖਾਵੇ ਕਿਹੜਾ ਮੰਜ਼ਰ ਜ਼ਿੰਦਗੀ