ਗ਼ਜ਼ਲ / ਅਸ਼ਵਨੀ ਜੇਤਲੀ .
ਹਾਲ ਸੁਣਾਵਾਂ ਕਿਸਨੂੰ ਦਿਲ ਦਾ, ਕਿਸਦੇ ਮੋਢੇ ਸਿਰ ਧਰਾਂ
ਹਰ ਸ਼ਖਸ ਹੀ ਖੁਦਪ੍ਰਸਤ ਹੈ, ਕੈਸਾ ਬੇਰੁਖ ਇਹ ਗਰਾਂ
ਐ ਮੁਸੱਵਰਾ ਬੁੱਤ ਦੇ ਵਿਚ ਹੀ ਰੰਗ ਭਰ ਦੇ ਪਿਆਰ ਦਾ
ਬੰਦਿਆਂ 'ਚੋਂ ਤਾਂ ਮੁੱਕ ਹੀ ਚੱਲਿਐ, ਪਿਆਰ ਦਾ ਨਾਮੋ ਨਿਸ਼ਾਂ
ਮੌਤ ਦਾ ਸਾਇਆ ਹੈ ਅਜਕਲ੍ਹ, ਹਰ ਤਰਫ ਮੰਡਰਾ ਰਿਹਾ
ਆਦਮਬੋ ਕਰ ਰਿਹਾ ਕੋਰੋਨਾ, ਆ ਮੱਲੀ ਇਸ ਹਰ ਇਕ ਥਾਂ
ਕੋਈ ਵੀ ਥਾਂ ਜ਼ਿੰਦਗੀ ਲਈ, ਦਿਸ ਰਹੀ ਮਹਿਫੂਜ਼ ਨਾ
ਘਰ ਅੰਦਰ ਵੀ ਡਰ ਲੱਗਦਾ ਹੈ, ਬਾਹਰ ਜਾਣੋਂ ਵੀ ਡਰਾਂ
ਇਸ ਸ਼ਹਿਰ ਦੀਆਂ ਰੌਣਕਾਂ 'ਤੇ ਕੌਣ ਟੂਣਾ ਕਰ ਗਿਆ
ਚੁੱਪ ਜੋ ਛਾਈ, ਏਸ ਦਾ ਇਲਜ਼ਾਮ ਕਿਸ ਦੇ ਸਿਰ ਧਰਾਂ