ਗ਼ਜ਼ਲ /ਅਸ਼ਵਨੀ ਜੇਤਲੀ .
ਦਿਲ ਦੀ ਵਿਥਿਆ ਜਦੋਂ ਕਦੇ ਵੀ ਕਹਿੰਦਾ ਹਾਂ
ਉਡੀਕ ਹੁੰਗਾਰੇ ਦੀ ਹੀ ਕਰਦਾ ਰਹਿੰਦਾ ਹਾਂ
ਕੈਸਾ ਦੌਰ ਭਿਆਨਕ ਆਇਆ, ਸੋਚ ਰਿਹਾਂ
ਫਿਕਰ ਹੈ ਇਹ ਵੀ, ਮੈਂ ਵੀ ਇਸ ਵਿਚ ਰਹਿੰਦਾ ਹਾਂ
ਜਾਬਰ ਹੀ ਨਹੀਂ, ਮੈਂ ਵੀ ਯਾਰੋ ਦੋਸ਼ੀ ਹਾਂ
ਚੁੱਪ ਕਰਕੇ ਜੋ ਜ਼ੁਲਮ ਉਹਦੇ ਨੂੰ ਸਹਿੰਦਾ ਹਾਂ
ਭੀੜ ਪਈ ਤਾਂ ਉਹਨਾਂ ਵੀ ਮੁਖ ਮੋੜ ਲਿਆ
ਜਿਨ੍ਹਾਂ ਸੰਗ ਵਰ੍ਹਿਆਂ ਤੋਂ ਉਠਦਾ ਬਹਿੰਦਾ ਹਾਂ
ਦੇਂਦੈ ਜ਼ਖ਼ਮ, ਤਾਂ ਸਹਿਣ ਦੀ ਤਾਕਤ ਵੀ ਦੇਂਦੈ
ਖੜ੍ਹਾ ਹਾਂ ਫਿਰ ਵੀ, ਭਾਵੇਂ ਡਿੱਗਦਾ ਢਹਿੰਦਾ ਹਾਂ
ਉਸ ਬਿਨ ਹੋਰ ਨਾ ਕੁਝ ਵੀ ਉਥੇ ਦਿਸਦਾ ਹੈ
ਮਨ ਦੇ ਅੰਦਰ ਜਦ ਵੀ ਡੂੰਘਾ ਲਹਿੰਦਾ ਹਾਂ
ਇਉਂ ਹੁੰਦਾ ਤਾਂ ਇੰਝ ਹੋਣਾ ਸੀ, ਉਂਝ ਹੋਣਾ ਸੀ
ਅਜਬ ਖਿਆਲੀਂ ਹਰਦਮ ਡੁੱਬਿਆ ਰਹਿੰਦਾ ਹਾਂ
ਕੀ ਦੱਸਾਂ ਉਹਨਾਂ ਨੂੰ ਆਪਣਾਂ ਅਤਾ ਪਤਾ
ਯਾਰ ਜੋ ਪੁੱਛਦੇ ਅੱਜਕਲ੍ਹ ਕਿੱਥੇ ਰਹਿੰਦਾ ਹਾਂ