ਕਵਿਤਾ / ਕੋਈ ਖ਼ਾਬ ਬੁਣਦੇ ਹਾਂ / ਅਸ਼ਵਨੀ ਜੇਤਲੀ.

 

ਹਾਂ ਵਿਹਲੇ, ਹੋਰ ਕੀ ਕਰੀਏ, ਚਲੋ ਕੋਈ ਖ਼ਾਬ ਬੁਣਦੇ ਹਾਂ

ਖ਼ਾਬ ਬੁਣਦੇ ਆਂ, ਜਾਂ ਫਿਰ ਕੋਈ ਹਕੀਕੀ ਸਾਜ਼ ਸੁਣਦੇ ਹਾਂ


ਸਾਜ਼ ਵੀ ਇਸ ਤਰ੍ਹਾਂ ਦਾ ਜੋ ਕਿ ਦਿਲ ਵਿਚ ਧੂਹ ਜਿਹੀ ਪਾਵੇ

ਧੂਹ ਵੀ ਧੁਰ ਅੰਦਰ ਤੀਕ ਜਾ, ਬੈਰਾਗੀ ਮਨ ਨੂੰ ਮਹਿਕਾਵੇ


ਬੈਰਾਗੀ ਮਨ ਕਹੇ ਆ ਚੱਲ, ਕਿ ਚੱਲੀਏ ਚੁੱਪ ਦੀ ਨਗਰੀ

ਚੁੱਪ-ਨਗਰੀ ਦੇ ਵਿਚ ਕੋਈ, ਬੰਦਾ ਪਰਿੰਦਾ ਸ਼ੋਰ ਨਾ ਪਾਵੇ


ਪਰਿੰਦੇ ਵੀ ਤਾਂ ਬੰਦਿਆਂ ਵਾਂਗ ਅੱਜਕਲ੍ਹ ਸਹਿਮੇ ਸਹਿਮੇ ਨੇ

ਸਹਿਮ ਦੇ ਸਾਏ ਵਿਚ ਬੈਠੇ, ਅਕਸਰ ਖਾਮੋਸ਼ ਰਹਿੰਦੇ ਨੇ


ਖਾਮੋਸ਼ ਜ਼ਿੰਦਗੀ ਵੀ ਜਿਊਣ ਖਾਤਿਰ ਤਿਲਮਿਲਾਉਂਦੀ ਹੈ

ਜਿਊਣ ਦੀ ਆਸ ਹਰ ਬੰਦੇ ਦੇ ਅੰਦਰ ਛਟਪਟਾਉੰਦੀ ਹੈ


ਛਟਪਟਾਉੰਦੀ ਜ਼ਿੰਦਗੀ ਵਿਚ ਨਰੋਏ ਰੰਗ ਭਰਦੇ ਹਾਂ

ਆਓ ਚੁੱਪ ਨੂੰ ਤੋੜਨ ਦਾ ਰਲ ਕੇ ਕੋਈ ਹੀਲਾ ਕਰਦੇ ਹਾਂ


ਚਲੋ ਕੋਈ ਖ਼ਾਬ ਬੁਣਦੇ ਹਾਂ

ਇਲਾਹੀ ਰਾਗ ਸੁਣਦੇ ਹਾਂ