ਮਿੱਟੀ ਦੇ ਚਿਹਰੇ .
ਤੁਰਦੇ ਫਿਰਦੇ ਆਦਮੀ
ਨਜ਼ਰਾਂ ਦੇ ਲੱਗੇ ਪਹਿਰੇ ਨੇ
ਇਸ ਦੁਨੀਆਂ 'ਤੇ ਤੱਕਿਆ ਹੈ ਮੈਂ
ਕਿਤਨੇ ਸ਼ਾਤਿਰ ਚਹਿਰੇ ਨੇ ।
ਨਜ਼ਰਾਂ 'ਚੋਂ ਨਜ਼ਰ ਛੁਪਾਉਂਦੇ ਨੇ
ਬੜੇ ਭੇਦ ਜੋ ਆਪ ਲੁਕਾਉਂਦੇ ਨੇ
ਜੋ ਅਸਲ ਨੂੰ ਅੰਦਰ ਰੱਖਦੇ ਨੇ
ਜੋ ਨਕਲ ਨੂੰ ਬਾਹਰ ਦਿਖਾਉਂਦੇ ਨੇ ।
ਜੋ ਸਾਹਵੇਂ ਆਉਣ ਤੋਂ ਡਰਦੇ ਨੇ
ਹਰ ਵਕਤ ਚਲਾਕੀ ਕਰਦੇ ਨੇ
ਜੋ ਬੱਸ ਇੱਕ ਲੋਕ ਦਿਖਾਵੇ ਲਈ
ਝੂਠੇ ਜਿਹੇ ਹੌਂਕੇ ਭਰਦੇ ਨੇ ।
ਜੋ ਬਾਹਰੋਂ ਤਾਂ ਇਨਸਾਨ ਬਣੇ ਨੇ
ਅੰਦਰੋਂ ਬੜੇ ਹੈਵਾਨ ਬਣੇ ਨੇ
ਰੱਬ ਤੋਂ ਉੱਚੇ ਹੋ ਕੇ ਜੋ
ਆਪੇ ਹੀ ਖੁਦ ਭਗਵਾਨ ਬਣੇ ਨੇ ।
ਜੋ ਨਾਰੇ ਖੂਬ ਲਗਾਉਂਦੇ ਨੇ
ਜੋ ਭੀੜ 'ਚ ਜੋਰ ਦਿਖਾਉਂਦੇ ਨੇ
ਕਮਰੇ ਦੇ ਅੰਦਰ ਵੜ ਕੇ ਜੋ
ਖੁਦ ਆਪਣਾ ਆਪ ਵਿਕਾਉਂਦੇ ਨੇ ।
ਕਈ ਇੱਕ ਦੂਜੇ ਦੇ ਹੋ ਗਏ ਨੇ
ਕਈ ਖੁਦ ਨੂੰ ਦੇਖ ਕੇ ਰੋ ਗਏ ਨੇ
ਕਈ ਚਹਿਰੇ ਯਾਦ ਜਿਹੀ ਬਣ ਕੇ ਇਸ
ਦੁਨੀਆਂ ਦੀ ਭੀੜ 'ਚ ਖੋ ਗਏ ਨੇ ।
ਕੁਝ ਚਹਿਰੇ ਸਮਝੋ ਪਾਰ ਦੇ ਨੇ
ਕੁਝ ਚਹਿਰੇ ਚਹਿਰਾ ਸਾੜ ਦੇ ਨੇ
ਜੋ ਆਪਣੀ ਭੁੱਖ ਦੀ ਰੱਖਿਆ ਲਈ
ਕਿਸੇ ਹੋਰ ਦੇ ਕੱਪੜੇ ਪਾੜ ਦੇ ਨੇ ।
ਕੁਝ ਚਹਿਰੇ ਢੋਂਗ ਹੀ ਰੱਚਦੇ ਨੇ
ਜੋ ਝੂਠ ਦੇ ਪੈਂਰੀ ਨੱਚਦੇ ਨੇ
ਕੁਝ ਚਹਿਰੇ ਪੱਥਰ ਹੋ ਜਾਂਦੇ
ਕੁਝ ਚਹਿਰੇ ਅਜੇ ਵੀ ਕੱਚ ਦੇ ਨੇ ।
ਕਈ ਰੰਗਾਂ ਦੇ ਵਿੱਚ ਢਲ ਗਏ ਨੇ
ਕਈ ਧਰਤੀ ਹੇਠਾਂ ਗਲ ਗਏ ਨੇ
ਕੁਝ ਅੱਗਾਂ ਦੇ ਵਿੱਚ ਲੜਦੇ ਨੇ
ਕਈ ਚਹਿਰੇ ਨੇ ਜੋ ਜਲ ਗਏ ਨੇ ।
ਕੁਝ ਅਜੇ ਵੀ ਲੱਗਦੇ ਗਹਿਰੇ ਨੇ
ਜੋ ਮੇਰੇ ਅੰਦਰ ਠਹਿਰੇ ਨੇ
ਮੈਂ ਕਿਸੇ ਹੋਰ ਨੂੰ ਕੀ ਆਖਾਂ
ਮੇਰੇ ਖੁਦ ਦੇ ਕਿੰਨੇ ਚਹਿਰੇ ਨੇ ।
ਸਿੰਮੀ ਧੀਮਾਨ