ਫੁੱਲ ਤੇ ਤ੍ਰੇਲ ਬੂੰਦ ਦਾ ਪ੍ਰੇਮ ਬੰਧਨ .
ਗੁਲਾਬ ਦੇ ਫੁੱਲ ਤੇ ਲਟਕ ਰਹੀ
ਹੀਰੇ ਵਰਗੀ
ਸਾਫ ਦਿਲ ਤ੍ਰੇਲ ਬੂੰਦ
ਰਹਿੰਦੀ ਹੈ ਕੌਸ਼ਿਸ਼ ਵਿੱਚ
ਸਮੇਟਣ ਲਈ
ਇਸ ਦੀ ਪ੍ਰੇਮ ਖੁਸ਼ਬੋਈ
ਭਾਵੇਂ ਪਿਆਰ ਭਿੱਜੀ ਤ੍ਰੇਲ ਬੂੰਦ
ਨਾ ਹੈ ਡਰਦੀ, ਨਾ ਹੌਕੇ ਭਰਦੀ
ਨਾ ਹੀ ਭਾਵੁਕ ਹੈ ਇਹ ਬੂੰਦ
ਕਰਦਿਆਂ ਪਿਆਰ ਦੀ ਢੋਈ
ਹੈ ਪਰ ਸਮਝ ਦੀ ਪੂਰੀ
ਜਾਣਦੀ ਹੈ ਮੰਤਵ
ਉਨ੍ਹਾਂ ਮਤਵਾਲੇ ਭੰਵਰਿਆਂ ਦਾ
ਮੰਡਰਾ ਰਹੇ ਨੇ
ਫੁੱਲਾਂ ਗਿਰਦ ਜੋ
ਖੌਰੂ ਪਾ ਪਾ
ਮਿਣਦੇ ਨੇ ਮਹਿਬੂਬਾ ਦੀ ਦੂਰੀ
ਸ਼ੋਖ, ਸ਼ੀਤਲ ਪੌਣ ਦਾ ਉਤੇਜਕ ਜੋਸ਼
ਕਰ ਰਿਹਾ ਹੈ ਸਭ ਕੁੱਝ ਮਦਹੋਸ਼
ਤ੍ਰੇਲ ਬੂੰਦ ਨੂੰ ਵੀ
ਪਰ ਅਫਸੋਸ
ਕਿ ਹਵਾ ਦਾ ਇਕ ਤੇਜ ਬੁਲ੍ਹਾ
ਮਿਟਾ ਸਕਦਾ ਹੈ
ਤ੍ਰੇਲ ਬੂੰਦ ਦੇ ਵਜੂਦ ਨੂੰ ਵੀ
ਸਹਿਮੀ ਬੈਠੀ ਹੈ ਤ੍ਰੇਲ ਬੂੰਦ
ਮਤੇ ਫੁੱਲ ਤੋਂ ਟੁੱਟ ਕੇ
ਕਿਰ ਹੀ ਨਾ ਜਾਵਾਂ
ਪਿਆਰ ਵਿਹੂਣੀ ਹੀ
ਹੈ ਤਾਂ ਪੂਰੀ ਪਾਰਦਰਸ਼ੀ ਖੁਦ
ਫਿਰ ਵੀ ਦੇਖ ਨਹੀਂ ਸਕਦੀ ਖੁਦ
ਫੁੱਲ ਦੀ ਖੂਬਸੂਰਤੀ ਨੂੰ ਇਹ
ਇਹੀ ਹੈ ਇਸ ਦੀ ਪ੍ਰੇਮ ਪੀੜਾ
ਸਾਰੀ ਲੋਕਾਈ ਮਾਣਦੀ ਹੈ
ਫੁੱਲਾਂ ਦੀ ਖੂਬਸੂਰਤੀ ਨੂੰ, ਮੁਹੱਬਤ ਨੂੰ
ਪਰ ਨਹੀਂ ਜਾਣਦਾ ਕੋਈ
ਨਹੀਂ ਸਮਝਦਾ ਕੋਈ
ਤ੍ਰੇਲ ਬੂੰਦ ਦੀ ਪੀੜ ਨੂੰ
ਹਾਲਾਂਕਿ ਸਮਝੇ ਜਾਂਦੇ ਹਨ
ਫੁੱਲ ਅਤੇ ਤ੍ਰੇਲ ਬੂੰਦ
ਸੱਚੇ, ਸਹਿਜ ਤੇ ਡੂੰਘੇ
ਪ੍ਰੇਮ ਬੰਧਨ ਵਿੱਚ।
- ਡਾ ਜਗਤਾਰ ਸਿੰਘ ਧੀਮਾਨ