ਗੀਤ ਅਮਨ ਦੇ....
ਹੋਇਆ ਕੀ ਜੇ ਭੌਂ ਤੇ ਦੁੱਖਾਂ ਦੀ ਚਾਦਰ ਹੈ,
ਸੀਨਾ ਪਾੜ ਕੇ ਇਹਦਾ, ਆਪਾਂ ਉੱਗ ਆਵਾਂਗੇ।
ਅਮਨ ਦੇ ਦੁਸ਼ਮਣ ਹਲ਼ਕੇ ਹਥਿਆਰ ਉਠਾ ਲੈਣ,
ਅਸੀਂ ਤਾਂ ਭਾਰਾ ਇੱਕ ਗੁਲਾਬ ਉਠਾਵਾਂਗੇ।
ਆਬੋਹਵਾ ਇਹ ਸਾਡੀ ਸਾਡੀ ਕੁਦਰਤ ਹੈ,
ਇੱਕ ਇੱਕ ਰੁੱਖ ਲਗਾਕੇ ਅਸੀਂ ਬਚਾਵਾਂਗੇ।
ਦਿਲਾਂ 'ਚ ਜੋ ਬਲ਼ ਰਹੀ ਨਫ਼ਰਤ ਦੀ ਅੱਗ ਏ,
ਪਿਆਰ ਦਾ ਪਾਣੀ ਪਾ ਕੇ ਅਸੀਂ ਬੁਝਾਵਾਂਗੇ।
ਹਾਕਮ ਧਰਮ ਦੇ ਨਾਂਅ ਤੇ ਦੇਸ਼ ਨੂੰ ਵੰਡ ਰਿਹਾ,
ਇਹ ਖ਼ੂਨ ਪੀਣੀਆਂ ਜੋਕਾਂ ਅਸੀਂ ਮਿਟਾਵਾਂਗੇ।
ਜੋ ਟੀਸੀ ਵਾਲਾ ਬੇਰ ਏਕਤਾ ਬਣ ਬੈਠੀ,
ਇੱਕ-ਨਾ-ਇੱਕ ਦਿਨ ਇਹਨੂੰ ਤੋੜ ਲਿਆਵਾਂਗੇ।
ਦੇਸ਼ ਦੀਆਂ ਹੱਦਾਂ 'ਤੇ, ਜੋ ਵੀਰ ਸ਼ਹੀਦ ਹੋਏ,
ਸਭ ਲਈ ਤਾਰਾਂ ਤੋੜਕੇ ਦੀਪ ਜਲਾਵਾਂਗੇ।
ਨਫ਼ਰਤ ਦੀ ਚਿੰਗਾਰੀ ਜੋ ਕਿਸੇ ਲਾਈ ਏ,
ਭਾਬੜ ਬਣਨ ਤੋਂ ਪਹਿਲਾਂ ਮਸਲ ਦਿਖਾਵਾਂਗੇ।
ਕੀ ਹੋਇਆ ਜੇ ਸ਼ੋਰ ਬੰਬ ਦਾ ਜਾਰੀ ਹੈ,
ਫਿਰ ਵੀ ਆਪਾ ਗੀਤ ਅਮਨ ਦੇ ਗਾਵਾਂਗੇ।
ਹਰਪ੍ਰੀਤ ਸਿੰਘ ਅਖਾੜਾ