ਮੁਕੱਦਸ ਰੇਤ ਦੇ ਟਿੱਬੇ .
ਵਾਰ ਵਾਰ ਕਰਦਾ ਹਾਂ ਯਤਨ ਮੈਂ
ਮਨ ਦੇ ਸੁਪਨਮਈ ਮਾਰੂਥਲ ਚੋਂ
ਖੁਸ਼ੀਆਂ ਲੱਭਣ ਦਾ
ਮਨ 'ਚ ਵੱਸੇ ਵਿਸ਼ਵਾਸ ਬ
ਲੱਭ ਰਿਹਾ ਸਾਂ ਮੈਂ
ਤਿਰਹਾਈ ਰੇਤ 'ਚੋਂ ਨਖਲਿਸਤਾਨ
ਜਿੱਥੇ
ਸ਼ਹਿਰ ਦੇ ਸ਼ੋਰਗੁਲ ਤੋਂ ਦੂਰ
ਕਰ ਸਕਦਾ ਕੁਝ ਆਰਾਮ
ਕਿਸੇ ਅਣਵੱਸੀ ਥਾਂ ਤੇ
ਜਿੱਥੇ
ਕਰ ਸਕਦਾ ਖੁਲਾਸਾ ਮੈਂ
ਆਪਣੇ ਚਿੰਤਨ -ਮਨਨ ਦਾ
ਚਿਤਰ ਸਕਦਾ ਰੰਗੋਲੀ ਆਪਣੇ ਮਨ ਦੀ
ਬਿਨਾਂ ਝਿਜਕ, ਬਿਨਾਂ ਕਿਸੇ ਚਿੰਤਾ ਦੇ
ਪਰ
ਜਿਉਂ ਹੀ ਅੱਗੇ ਵਧਿਆ ਮੈਂ
ਤਪਦੇ ਤੜਪਦੇ ਆਵੇਗ 'ਚ
ਖਿਸਕਦਾ ਗਿਆ
ਨਖਲਿਸਤਾਨ ਹੋਰ ਵੀ ਦੂਰ
ਤੜਫਾਉਂਦਾ ਮੇਰੀ ਤੀਬਰ ਤੇਹ ਨੂੰ
ਕਿ ਅਚਾਨਕ
ਹਵਾ ਦਾ ਬੁਲ੍ਹਾ ਬਣ ਗਿਆ ਤੇਜ ਝੱਖੜ
ਤੇ ਉੱਠਣ ਲੱਗੀ
ਪ੍ਰਚੰਡ ਰੇਤ
ਹਰ ਪਾਸੇ
ਵੱਢ ਰਹੇ ਸਨ ਮੈਨੂੰ
ਤਪਦੀ ਰੇਤ ਦੇ ਕਣ
ਭੂਤਰੇ ਮਾਂਗਣੂਆਂ ਵਾਂਗ
ਹਫੜਾ ਦਫੜੀ ਸੀ ਹਰ ਪਾਸੇ
ਚੀਖ-ਚਿਹਾੜਾ ਤੇ ਖਿੱਚੋ-ਤਾਣ
ਕੋਈ ਥਾਂ ਨਹੀਂ ਸੀ
ਸ਼ਰਮਾ ਲੈਣ ਲਈ
ਤਾਂਡਵ ਬਣ ਚੁੱਕਾ ਸੀ ਤੂਫਾਨ
ਕਿਵੇਂ ਵਾਪਰਿਆ ਇਹ ਸਭ ਕੁਝ
ਮੈਂ ਸੀ ਇਸ ਤੋਂ ਅਨਜਾਣ
ਅੰਤ ਨੂੰ ਰੁਕਦਿਆਂ ਰੁਕਦਿਆਂ
ਹਨੇਰੀ ਨੇ ਵਿੱਥ ਦਿੱਤੀ
ਮੇਰੇ ਤੇ ਸੀ ਚੜ੍ਹੀੋ ਹੋਈ
ਰੇਤ ਦੀ ਮੋਟੀ ਪਰਤ
ਪਰਤ ਉੱਪਰ ਪਰਤ
ਹੋਰਨਾਂ ਟਿੱਬਿਆਂ ਦੀ ਤਰਾਂ ਮੈਂ ਵੀ
ਬਣ ਗਿਆ ਸੀ ਟਿੱਬਾ ਮਾਰੂਥਲ ਦਾ
ਹੁਣ ਮੈਂ ਵੇਖ ਰਿਹਾ ਹਾਂ
ਸਮਝ ਗਿਆ ਹਾਂ
ਇਹ ਤਾਂ ਬੱਸ ਬਣ ਗਏ ਹਨ
ਮੁਕੱਦਸ ਟਿੱਬੇ ਖਾਸ
ਹੈ ਮੇਰਾ ਇਹ ਅਟਲ ਵਿਸ਼ਵਾਸ ।
ਜਾਣਦਾ ਹਾਂ ਮੈਂ
ਕਿ ਮਾਰੂਥਲਾਂ'ਚ ਓਦੋਂ ਬਣਦੇ ਨੇ ਅਜਿਹੇ ਟਿੱਬੇ
ਜਦੋਂ ਪੈਂਦੀ ਹੈ ਭੀੜ
ਕਿਸੇ ਹਕੀਕੀ ਪ੍ਰੇਮ ਕਹਾਣੀ 'ਤੇ
ਇਨ੍ਹਾਂ ਟਿੱਬਿਆਂ ਹੇਠ ਹੀ ਤਾਂ
ਮੌਲ ਰਹੀਆਂ ਹਨ
ਰੂਹਾਂ ਸੱਸੀ ਪੁਨੂੰ ਦੀਆਂ।
- ਡਾ ਜਗਤਾਰ ਸਿੰਘ ਧੀਮਾਨ