ਮੁਹੱਬਤ/ਸਿੰਮੀ ਧੀਮਾਨ .

ਇਹ ਬੇਸ਼ੱਕ ਦਿਲ ਦੇ ਅੰਦਰ ਲੁਕਾਈ ਜਾਂਦੀ ਹੈ 

ਮਹੁੱਬਤ ਕੀਤੀ ਨਹੀਂ ਜਾਂਦੀ ਹੰਢਾਈ ਜਾਂਦੀ ਹੈ ।

ਅਸੀਂ ਆਪਣੀ ਜ਼ਿੰਦਗੀ ਦੇ ਬਾਦਸ਼ਾਹ ਹਾਂ । ਅਸੀਂ ਹਰ ਰੋਜ਼ ਜਿਉਂਦੇ ਹਾਂ , ਤੁਰਦੇ ਹਾਂ , ਦੇਖਦੇ ਹਾਂ , ਸੋਚਦੇ ਹਾਂ ਅਤੇ ਮਿਲਦੇ ਹਾਂ ਸਾਡੇ ਵਰਗੀਆਂ ਅਨੇਕਾਂ ਜ਼ਿੰਦਗੀਆਂ ਨੂੰ । ਇਹ ਮੇਲ ਮਿਲਾਪ ਦਾ ਸਿਲਸਿਲਾ ਹਰ ਦਿਨ ਚੱਲਦਾ ਹੈ । ਕੁਝ ਮਿਲੇ ਹੋਏ ਵਿਅਕਤੀ ਸਾਡੇ ਲਈ ਫਰਿਸ਼ਤਾ ਬਣ ਜਾਂਦੇ ਹਨ ਅਤੇ ਸਾਡੀ ਜ਼ਿੰਦਗੀ ਦੇ ਹਿੱਸਿਆਂ ਵਿੱਚ ਇੱਕ ਹਿੱਸਾ ਬਣ ਕੇ ਸ਼ਾਮਿਲ ਹੋ ਜਾਂਦੇ ਹਨ । ਕੁਝ ਜਾਣਕਾਰ ਬਣਦੇ ਨੇ , ਕੁਝ ਸਲਾਹਕਾਰ ਬਣਦੇ ਨੇ , ਕੁਝ ਦੋਸਤ ਬਣਦੇ ਨੇ ਅਤੇ ਕੁਝ ਮਹਿਬੂਬ । ਮਹੁੱਬਤ ਸਾਡੇ ਜੀਵਨ ਦੀ ਇੱਕ ਸਭ ਤੋਂ ਖੂਬਸੂਰਤ ਕਿਤਾਬ ਹੈ ਜਿਸ ਵਿੱਚ ਛਿਪੇ ਹਰ ਰਾਜ਼ ਨੂੰ ਅਸੀਂ ਜਲਦੀ ਹੀ ਪੜ੍ਹ ਲੈਣਾ ਚਾਹੁੰਦੇ ਹਾਂ । ਇਹ ਉਹ ਕਿਤਾਬ ਹੈ ਜਿਸਦੇ ਪੰਨੇ ਫਰੋਲਣ ਲਈ ਮਨ ਹਰ ਕਦਮ ਉਤਾਵਲਾ ਰਹਿੰਦਾ ਹੈ । ਕਈ ਇਸ ਕਿਤਾਬ ਨੂੰ ਬੜਾ ਰੀਝ ਲਾ ਕੇ ਪੜਦੇ ਹਨ ਅਤੇ ਕਈ ਬੱਸ ਪੰਨੇ ਫਰੋਲ ਕੇ ਸਮਝਦੇ ਹਨ ਕਿ ਅਸੀਂ ਇਸ ਕਿਤਾਬ ਦੇ ਹਰ ਸੱਚ ਤੋਂ ਵਾਕਿਫ ਹਾਂ , ਕਈ ਤਾਂ ਸਿਰਫ ਜਿਲਦ ਦੇਖ ਕੇ ਆਪਣੇ ਹਿਸਾਬ ਨਾਲ ਮਹੁੱਬਤ ਦੀ ਪਰਿਭਾਸ਼ਾ ਦੇ ਅੰਦਾਜ਼ੇ ਵੀ ਲਗਾ ਲੈਂਦੇ ਹਨ । ਜਿਹਨਾਂ ਨੇ ਇਸ ਕਿਤਾਬ ਦੇ ਹਰ ਲਫਜ਼ ਤੇ ਗੌਰ ਕੀਤੀ ਹੈ , ਉਹ ਜਾਣਦੇ ਹੋਣਗੇ ਕਿ ਮਹੁੱਬਤ ਸਾਡੇ ਅੰਦਰ ਜੰਮਦਾ ਇੱਕ ਸਭ ਤੋਂ ਖੂਬਸੂਰਤ ਅਹਿਸਾਸ ਹੈ । ਇਹ ਸਾਡੇ ਅੰਦਰ ਵੱਸਦੀ ਇੱਕ ਐਸੀ ਤਾਕਤ ਹੈ ਜੋ ਕਿ ਹੋਂਦ ਵਿੱਚ ਆ ਕੇ ਸਾਨੂੰ ਜ਼ਿੰਦਗੀ ਦੇ ਹਰ ਫਲਸਫੇ ਦਾ ਬਾਦਸ਼ਾਹ ਬਣਾ ਦਿੰਦੀ ਹੈ । ਮਹੁੱਬਤ ਸਿਖਾਉਂਦੀ ਹੈ ਹਰ ਜਜ਼ਬਾਤ ਦਾ ਅਰਥ । ਮਹੁੱਬਤ ਸਿਖਾਉਂਦੀ ਹੈ ਕਿਸੇ ਦੇ ਹੋਣ ਦੀ ਰੌਣਕ ਤੇ ਕਿਸੇ ਦੇ ਨਾ ਹੋਣ ਦਾ ਸੁੰਨਾਪਣ , ਕਿਸੇ ਦੀਆਂ ਖੁਸ਼ੀਆਂ 'ਤੇ ਖੁਦ ਦਾ ਤਿਆਗ , ਮਹੁੱਬਤ ਸਿਖਾਉਂਦੀ ਹੈ ਅਪਣਾਉਣਾ , ਸਵੀਕਾਰ ਕਰਨਾ । ਆਪਣੇ ਸਾਹਵੇਂ ਰਹਿੰਦੇ ਉਸ ਸਖਸ਼ ਨੂੰ ਕਿਸੇ ਵੀ ਕੀਮਤ ਤੇ ਸਵੀਕਾਰ ਕਰਨਾ ਜਿਵੇਂ ਇੱਕ ਮਾਂ ਆਪਣੇ ਬੱਚੇ ਦੀਆਂ ਹਰ ਖਾਮੀਆਂ ਭੁੱਲ ਕੇ ਉਸਨੂੰ ਸਵੀਕਾਰ ਕਰਦੀ ਹੈ ਬਿਲਕੁਲ ਉਸੇ ਤਰ੍ਹਾਂ । ਜਿਹੜੇ ਲੋਕ ਅਸਲ ਅਰਥਾਂ ਵਿੱਚ ਮਹੁੱਬਤ ਕਰਦੇ ਹਨ ਉਹ ਇਸ ਸਵੀਕਾਰ ਕਰਨ ਦੇ ਗੁਣ ਤੋਂ ਬਾਖੂਬੀ ਵਾਕਿਫ ਹਨ । ਅਕਸਰ ਦੇਖਦੇ ਹਾਂ ਅਸੀਂ ਇਸ਼ਕ 'ਚ ਡੁੱਬੇ ਸ਼ਾਇਰ ਜਦੋਂ ਵੀ ਕਵਿਤਾ ਲਿਖਦੇ ਹਨ ਤਾਂ ਉਹਨਾਂ ਦੀ ਲਿਖਤ ਵਿੱਚ ਇੱਕ ਦਰਦ ਹੁੰਦਾ ਹੈ , ਗਮਾਂ ਨਾਲ ਭਰਿਆ ਹੋਇਆ , ਪਤਾ ਹੈ ਕਿਉਂ ? ਕਿਉਂਕਿ ਉਹਨਾਂ ਨੇ ਖੁਸ਼ੀ ਖੁਸ਼ੀ ਆਪਣੇ ਇਸ ਗਮ ਨੂੰ ਸਵੀਕਾਰ ਕਰ ਲਿਆ ਹੁੰਦਾ ਹੈ ।ਕਿਸੇ ਦੇ ਤੁਰ ਜਾਣ ਨੂੰ ਸਵੀਕਾਰ ਕਰ ਲਿਆ ਹੁੰਦਾ ਹੈ । ਹਰ ਉਸ ਮੋੜ ਨੂੰ ਸਵੀਕਾਰ ਕਰ ਲਿਆ ਹੁੰਦਾ ਹੈ ਜੋ ਉਹਨਾਂ ਨੂੰ ਕਿਸੇ ਵੇਲੇ ਮੁੜਨਾ ਪਿਆ । ਸ਼ਾਇਦ ਇਹੋ ਭਾਵਨਾ ਤੁਹਾਨੂੰ ਜ਼ਿੰਦਗੀ ਵਿੱਚ ਇੱਕ ਸੁਲਝਿਆ ਹੋਇਆ ਅਤੇ ਸ਼ਾਂਤ ਇਨਸਾਨ ਬਣਾਉਂਦੀ ਹੈ ਫੇਰ ਭਾਵੇਂ ਹੀ ਤੁਹਾਡੇ ਅੰਦਰ ਉਲਝਣ ਹੋਵੇ , ਤੁਹਾਡੇ ਅੰਦਰ ਬਲਦੀ ਅੱਗ ਤੁਹਾਨੂੰ ਹਰ ਕਦਮ ਪਿਘਲਾ ਰਹੀ ਹੋਵੇ ਪਰ ਫਿਰ ਵੀ ਤੁਸੀਂ ਆਪਣੀ ਇਸ ਹਾਲਤ ਨੂੰ ਸਵੀਕਾਰ ਕਰਦੇ ਹੋ । ਉਹ ਰੂਹਾਂ ਹਮੇਸ਼ਾਂ ਹੀ ਅਮਰ ਰਹੀਆਂ ਜਿਹਨਾਂ ਆਪਣੀ ਜ਼ਿੰਦਗੀ ਦੇ ਹਰ ਸੱਚ ਨੂੰ ਸਵੀਕਾਰ ਕੀਤਾ ਤੇ ਪਿੱਛੇ ਵੱਲ ਭੱਜਣ ਦੀ ਜਗ੍ਹਾ ਅੱਗੇ ਵੱਲ ਤੁਰ ਕੇ ਰਾਸਤਾ ਬਣਾਇਆ । ਹਰ ਵਾਰ ਮਨ ਦੀਆਂ ਹੋਈ ਜਾਣੀਆਂ , ਇਹ ਤਾਂ ਜ਼ਿੰਦਗੀ ਤੋਂ ਉਲਟ ਜਿਹੀ ਗੱਲ ਹੈ , ਮਜ਼ਾ ਤਾਂ ਉਦੋਂ ਹੈ ਜਦ ਹਰ ਕਦਮ ਤੁਹਾਡੇ ਅੰਦਰ ਵੱਸਦੇ ਇਸ ਸਵੀਕਾਰ ਕਰਨ ਦੇ ਗੁਣ ਨੂੰ ਖੁੱਲ੍ਹ ਮਿਲ ਸਕੇ । ਮਹੁੱਬਤ ਦਿਆਂ ਰਾਹਾਂ ਤੇ ਸਿਰਫ ਮਿਲਾਪ ਹੋ ਜਾਣਾ ਮਹੁੱਬਤ ਦੀ ਜਿੱਤ ਨਹੀਂ ਹੁੰਦੀ , ਮਹੁੱਬਤ ਦੀ ਜਿੱਤ ਹੁੰਦੀ ਹੈ ਮਾਨਸਿਕ ਰੂਪ ਵਿੱਚ ਕਿਸੇ ਦਾ ਹੋਣਾ । ਇਸ ਰਸਤੇ ਪਏ ਵਿਛੋੜੇ ਵੀ ਤੁਹਾਨੂੰ ਉਮਰਾਂ ਲਈ ਦਿਲ ਤੋਂ ਇੱਕ ਦੂਜੇ ਦਾ ਹੋ ਜਾਣ ਦੀ ਜਿੱਤ ਦਾ ਅਹਿਸਾਸ ਕਰਾਉਂਦੇ ਹਨ । ਮਹੁੱਬਤ ਕਰੋ ਅਤੇ ਮਾਨਸਿਕ ਰੂਪ ਵਿੱਚ ਕਿਸੇ ਦੇ ਹੋ ਜਾਓ , ਫਿਰ ਉਸ ਇਨਸਾਨ ਦੀ ਸ਼ਰੀਰਕ ਹੋਂਦਾ ਦਾ ਹੋਣਾ ਨਾ ਹੋਣਾ ਤੁਹਾਨੂੰ ਦੁਖੀ ਨਹੀਂ ਕਰੇਗਾ । ਹਰ ਵੇਲੇ ਤੁਹਾਨੂੰ ਤੁਹਾਡੇ ਅੰਦਰ ਹੀ ਉਸ ਸਖਸ਼ ਦੀ ਨੇੜਤਾ ਦਾ ਅਹਿਸਾਸ ਹੋਵੇਗਾ । ਮਹੁੱਬਤ ਵਿੱਚ ਜਾਨ ਦੇ ਦੇਣਾ ਮਹੁੱਬਤ ਦੀ ਤੌਹੀਨ ਹੈ ।ਮਹੁੱਬਤ ਜ਼ਿੰਦਗੀ ਖੋਹਦੀਂ ਨਹੀਂ ਬਲਕਿ ਜ਼ਿੰਦਗੀਆਂ ਵੰਡਦੀ ਹੈ । ਮਹੁੱਬਤ ਨਾਲ ਭਰੇ ਵਿਅਕਤੀ ਦੀ ਉਮਰ ਤਾਂ ਅਮਰ ਹੋ ਗਏ ਵਿਅਕਤੀ ਤੋਂ ਵੀ ਕਿਤੇ ਵੱਧ ਹੁੰਦੀ ਹੈ । ਮਹੁੱਬਤ ਵਿੱਚ ਜੇ ਕਦੇ ਜਾਨ ਦੇਣ ਦਾ ਦਿਲ ਕਰੇ ਤਾਂ ਸਮਝ ਲਿਉ ਤੁਸੀਂ ਮਹੁੱਬਤ ਦੀ ਕਿਤਾਬ ਨੂੰ ਸਿਰਫ ਦੂਰੋਂ ਦੇਖ ਕੇ ਛੱਡ ਦਿੱਤਾ ਹੈ । ਜੇ ਕਿਤੇ ਪਹਿਲਾ ਪੰਨਾ ਵੀ ਪੜਿਆ ਹੁੰਦਾ ਤਾਂ ਪਤਾ ਲੱਗਦਾ ਕਿ ਮਹੁੱਬਤ ਦੁਆਵਾਂ ਵਿੱਚ ਹਮੇਸ਼ਾਂ ਆਪਣੇ ਮਹਿਬੂਬ ਦੀ ਸਲਾਮਤੀ ਮੰਗਦੀ ਹੈ ਅਤੇ ਜਾਨ ਦੇ ਦੇਣਾ ਮਤਲਬ ਆਪਣੇ ਮਹਿਬੂਬ ਦੀਆਂ ਦੁਆਵਾਂ ਨੂੰ ਠੁਕਰਾ ਦੇਣਾ ਤੇ ਇਹੋ ਜਿਹੀ ਗੁਸਤਾਖੀ ਮਹੁੱਬਤ ਕਰਨ ਵਾਲਾ ਵਿਅਕਤੀ ਨਹੀਂ ਕਰ ਸਕਦਾ । ਮਹੁੱਬਤ ਕਰੋ , ਤਾਂ ਮਹੁੱਬਤ ਹੰਢਾਓ , ਰਹਿੰਦੀ ਉਮਰ ਤੱਕ ਹੰਢਾਓ ਅਤੇ ਏਨੀਂ ਚੰਗੀ ਤਰ੍ਹਾਂ ਹੰਢਾਓ ਕਿ ਅੰਤ ਵੇਲੇ ਤੁਹਾਡੇ ਅੰਦਰ ਲਹੂ ਹੋਵੇ ਨਾ ਹੋਵੇ ਪਰ ਮਹੁੱਬਤ ਜ਼ਰੂਰ ਹੋਵੇ । 

                                        - ਸਿੰਮੀ  ਧੀਮਾਨ