ਗ਼ਜ਼ਲ / ਅਸ਼ਵਨੀ ਜੇਤਲੀ .
ਯਾਰਾ ਆ ਮਿਲ ਕੇ ਆਪਾਂ ਆਪਾ ਹੰਘਾਲਦੇ ਹਾਂ
ਕੋਈ ਹੁਸੀਨ ਜ਼ਖ਼ਮ ਫਿਰ ਸੀਨੇ 'ਚ ਪਾਲਦੇ ਹਾਂ
ਰਾਤਾਂ ਨੂੰ ਜਾਗ ਕੱਲਿਆਂ ਗੱਲਾਂ ਏਂ ਕੌਣ ਕਰਦਾ
ਤੇਰੇ ਵਿਯੋਗੀ ਸੱਜਣਾਂ ਇਹ ਜਫਰ ਜਾਲਦੇ ਹਾਂ
ਤੇਰੀ ਯਾਦ ਆਈ ਹੋਵੇ, ਤੇ ਘਰ ਮੇਰੇ ਕੋਈ ਆਵੇ
ਮੈਂ ਘਰ ਨਹੀਂ ਹਾਂ ਹਾਲੇ, ਇਹ ਕਹਿ ਕੇ ਟਾਲਦੇ ਹਾਂ
ਸਾਹਾਂ' ਚ ਘੁਲ ਗਈ ਹੈ, ਯਾਦਾਂ ਦੀ ਐਸੀ ਖੁਸ਼ਬੂ
ਤਾਂ ਹੀ ਸੰਭਾਲ ਸੁਪਨੇ ਨੈਣਾਂ 'ਚ ਪਾਲਦੇ ਹਾਂ
ਤੈਨੂੰ ਪਤਾ ਹੀ ਹੋਣੈਂ, ਅਣਜਾਣ ਤਾਂ ਨਹੀਂ ਤੂੰ
ਹਰ ਰਾਤ ਜਾਗ ਕੇ ਹੀ ਸੁਪਨੇ ਸੰਭਾਲਦੇ ਹਾਂ
ਕਹਿੰਦੇ ਨੇ ਲੋਕ ਹਿਜਰ ਵੀ ਲੇਖਾਂ ਦਾ ਹੁੰਦੈ ਲਿਖਿਆ
ਕਿਸਮਤ ਬਦਲ ਜੋ ਦੇਵੇ, ਪਾਂਧਾ ਉਹ ਭਾਲਦੇ ਹਾਂ