ਚੁੱਪ ਦੇ ਪਹਾੜ / ਸਿੰਮੀ ਧੀਮਾਨ.
ਮੈਨੂੰ ਚੁੱਪ ਦੇ ਪਹਾੜਾਂ ਉੱਤੇ ਜਾ ਲੈਣ ਦੇ
ਗਲੋਂ ਬੋਲਾਂ ਵਾਲਾ ਬੋਝੜਾ ਵੀ ਲਾਹ ਲੈਣ ਦੇ ।
ਜ਼ਿੰਦਗੀ ਦੀ ਦੌੜ ਵਿੱਚੋਂ ਲੰਘ ਆ ਕਿਨਾਰਿਆਂ 'ਤੇ
ਕੁਝ ਕੁ ਪਲਾਂ ਲਈ ਮੈਨੂੰ ਸਾਹ ਲੈਣ ਦੇ ।
ਭੁੱਲ ਗਈ ਮੈਂ ਖੁਦ ਦੇ ਨਜ਼ਾਰਿਆਂ ਦੇ ਪੱਬ
ਮੈਨੂੰ ਜੰਗਲਾਂ 'ਚ ਖੁਦ ਨੂੰ ਨਚਾ ਲੈਣ ਦੇ ।
ਸਾਜਿਸ਼ਾਂ ਦੀ ਮਹਿਫਿਲਾਂ 'ਚੋਂ ਨਿੱਕਲ ਕੇ ਮੈਨੂੰ ਜ਼ਰਾ
ਪੀਰਾਂ ਤੇ ਫਕੀਰਾਂ ਦੀ ਸਲਾਹ ਲੈਣ ਦੇ ।
ਮਰਜ਼ੀ ਦੇ ਨਾਲ ਕਿਤੇ ਦੂਰ ਦੇਸ ਜਾ ਕੇ ਮੈਨੂੰ
ਖੁਦ ਨੂੰ ਵੀ ਥੋੜ੍ਹਾ ਜਿਹਾ ਸਤਾ ਲੈਣ ਦੇ ।
ਬਿਖਰਿਆਂ ਦਿਨਾਂ ਨੂੰ ਸਵਾਰ ਕੇ ਤੂੰ ਮੈਨੂੰ ਇਹ
ਕਿਤਾਬਾਂ ਵਾਲੀ ਰਾਤ 'ਚ ਪਨਾਹ ਲੈਣ ਦੇ ।
ਤਪਦੀਆਂ ਰਾਹਾਂ ਉੱਤੋਂ ਪੈਰਾਂ ਨੂੰ ਹਟਾ ਕੇ
ਇਹ ਪਹਾੜਾਂ ਦੀਆਂ ਡੰਡੀਆਂ ਦਾ ਰਾਹ ਲੈਣ ਦੇ ।
ਤਨ ਉੱਤੇ ਚੜ੍ਹਿਆ ਏ ਨਜ਼ਰਾਂ ਦਾ ਗੰਦ
ਮੈਨੂੰ ਖੁਦ ਦੇ ਖਿਆਲਾਂ ਨਾਲ ਨਹਾ ਲੈਣ ਦੇ ।
ਜਿੱਥੇ ਕਿਤੇ ਚਾਹੁੰਦੀ ਸੀ ਮੈਂ ਜ਼ਿੰਦਗੀ ਬਿਤਾਉਣਾ
ਮੈਨੂੰ ਮਿੱਟੀ ਦੀ ਉਹ ਕੁਟੀਆ ਸਜਾ ਲੈਣ ਦੇ ।
ਮੈਨੂੰ ਖੁਦ ਨੂੰ ਵੇ ਜੋਗਣ ਬਣਾ ਲੈਣ ਦੇ
ਹਾੜਾ ਚੁੱਪ ਦੇ ਪਹਾੜਾਂ ਉੱਤੇ ਜਾ ਲੈਣ ਦੇ ।
ਸਿੰਮੀ ਧੀਮਾਨ