ਜਾਣਾ ਤਖ਼ਤਹਜ਼ਾਰੇ / ਅਸ਼ਵਨੀ ਜੇਤਲੀ .

 


(ਪਿਤਾਸ਼੍ਰੀ ਪ੍ਰੇਮ ਕੁਮਾਰ ਜੇਤਲੀ ਨੂੰ

ਸਮਰਪਿਤ ਜਿੰਨ੍ਹਾਂ ਦਾ ਮਨ ਆਖਰੀ ਸਾਹਾਂ ਤਕ ਆਪਣੀ ਜਨਮ ਭੂਮੀ ਦੀ ਛੋਹ ਲਈ ਤੜਪਦਾ ਰਿਹਾ) 


ਮਨ ਦਾ ਪੰਛੀ

ਰੋਜ਼ ਰਾਤ ਨੂੰ

ਖ਼ਾਬਾਂ ਅੰਦਰ ਖੰਭ ਖਿਲਾਰੀ, ਮਾਰ ਉਡਾਰੀ

ਤਖ਼ਤਹਜ਼ਾਰੇ ਦੀ ਛੱਤਰੀ 'ਤੇ

ਜਾ ਬਹਿੰਦਾ ਹੈ

ਏਹੀ ਤੇਰਾ ਕਾਅਬਾ ਬਾਬਾ

ਇਹ ਕਹਿੰਦਾ ਹੈ


ਸੋਚਾਂ ਏਦਾਂ ਕਿਉਂ ਹੁੰਦਾ ਏ?

ਅਗਲੇ ਹੀ ਪਲ ਮਨ ਕੂੰਦਾ ਏ:. ਆਸ਼ਕ ਰੂਹਾਂ ਦਾ ਮੱਕਾ ਹੈ ਤਖ਼ਤਹਜ਼ਾਰਾ

ਇਸ ਦੀਆਂ ਪੌਣਾਂ ਦਾ ਇੱਕ ਛੱਟਾ

ਆ ਜਾਹ, ਤੂੰ ਵੀ ਲੈ ਜਾ ਯਾਰਾ

ਹਰ ਪ੍ਰੇਮੀ ਦੀ ਰੂਹ ਨਸ਼ਿਆਵੇ

ਰਾਂਝੇ ਦੀ ਵੰਝਲੀ ਹੈ ਬੁਲਾਵੇ

ਤਾਹੀ�"ਂ ਤੇਰੇ ਮਨ ਦਾ ਪੰਛੀ

ਤਖ਼ਤਹਜ਼ਾਰੇ ਉੱਡਦਾ ਜਾਵੇ


ਪਰ ਫਿਰ

ਦਿਨ ਚੜ੍ਹਦੇ ਹੀ ਚੇਤਾ ਆਵੇ

ਇਕ ਮਨ ਦੂਜੇ ਨੂੰ ਭਰਮਾਵੇ

ਫਿਰ ਸਮਝਾਵੇ

ਸੱਤ ਬਹਿਸ਼ਤਾਂ ਨਾਲੋਂ ਚੰਗੀ

ਜਨਮਭੋਇੰ ਹੈ ਮਿੱਤਰਾ ਹੁੰਦੀ

ਹਰ ਬੰਦੇ ਤੇ ਹਰ ਪੰਛੀ ਦੀ


ਕਾਹਤੋਂ �"ਧਰ ਉੱਡਦਾ ਏਂ ਫਿਰ

ਵੱਲ ਹਜ਼ਾਰੇ ਉੱਲਰਦਾ ਏਂ ਫਿਰ

ਕੀ ਏ ਤੇਰਾ ਨਾਤਾ ਰਿਸ਼ਤਾ

ਨਾਲ ਹਜ਼ਾਰੇ

ਦੱਸ ਖਾਂ ਪਿਆਰੇ


ਏਦਾਂ ਜੇਕਰ ਸੁਪਨਿਆਂ ਵਿਚ ਵੀ

ਉੱਡੀ ਜਾਵੇਂਗਾ

ਵਤਨਧ੍ਰੋਹੀ ਕਹਿਲਾਵੇਂਗਾ


ਸੁਪਨਿਆਂ ਨੂੰ ਆਰਾਮ 

ਦਿਆ ਕਰ

ਸੋਚ ਆਪਣੀ ਦੇ ਖੰਭ ਨੋਚ ਕੇ

ਇਸ ਨੂੰ ਰਤਾ ਵਿਰਾਮ ਦਿਆ ਕਰ


ਐਪਰ ਮੇਰੀਆਂ ਸੋਚਾਂ ਦੇ ਪਰ

ਚੜ੍ਹਦੇ ਵੇਲੇ ਤਾਂ ਏਧਰ ਹੀ ਫੜਫੜਾਉਂਦੇ

ਲਹਿੰਦੇ ਵੇਲੇ ਨਾ ਜਾਣੇ ਕਿਉਂ

ਲਹਿੰਦੀ ਵੱਲੇ ਉੱਲਰ ਜਾਂਦੇ


ਦਿਨ ਸੋਚਾਂ ਦਾ ਏਧਰ ਚੜ੍ਹਦਾ

ਮਨ ਦਾ ਪੰਛੀ ਰੋਜ਼ ਹੀ

�"ਧਰ ਲਹਿੰਦਾ - ਤੇ ਇਹ ਕਹਿੰਦਾ :

ਸਰਹੱਦਾਂ ਦੀ ਤਾਰ ਕੁਲਹਿਣੀ

ਤਨਾਂ ਨੂੰ ਭਾਵੇਂ ਡੱਕ ਸਕਦੀ ਹੈ

ਮਨਾਂ ਨੂੰ ਕਿੱਦਾਂ ਭਰਮਾਵੇਗੀ

ਕੀਕਣ ਮੈਨੂੰ ਰੋਕ ਪਾਵੇਗੀ


ਤਾਂ ਹੀ ਮਨ ਇਹ ਰਾਤ ਬਰਾਤੇ

ਪੁਰਖਿਆਂ ਦੀਆਂ ਰੂਹਾਂ ਨੂੰ ਮਿਲਣ ਵਾਸਤੇ

ਮਾਰ ਉਡਾਰੀ ਖ਼ਾਬਾਂ ਅੰਦਰ

ਤਖ਼ਤਹਜ਼ਾਰੇ ਦੀ ਛੱਤਰੀ 'ਤੇ

ਜਾ ਬਹਿੰਦਾ ਹੈ


 ਚੜ੍ਹਦੇ ਮੱਕਾ, ਲਹਿੰਦੇ ਕਾਅਬਾ

ਮਨ ਕਹਿੰਦਾ ਹੈ

ਵੀਜ਼ੇ ਦੀ ਕੋਈ ਲੋੜ ਨਾ ਸਾਨੂੰ

ਅਸਾਂ ਤਾਂ ਜਾਣਾ ਤਖ਼ਤਹਜ਼ਾਰੇ...

ਇਹ ਕਹਿੰਦਾ ਹੈ!