ਮਿਹਨਤ ਤੇ ਰਹਿਮਤ / ਸਿੰਮੀ ਧੀਮਾਨ .
ਤੇਰੀ ਰਹਿਮਤ ਦੇ ਵਿੱਚ ਰਹਿ ਕੇ
ਮਿਹਨਤ ਨੂੰ ਅਪਣਾ ਲਿਆ ਏ
ਰਜ਼ਾ ਤੇਰੀ ਵਿੱਚ ਤੇਰੇ ਨੇਕ
ਵਿਚਾਰਾਂ ਨੂੰ ਗਲ ਲਾ ਲਿਆ ਏ ।
ਸੂਰਜ ਦੀ ਲਾਲੀ ਚੜਨੇ ਤੋਂ
ਪਹਿਲਾਂ ਉੱਠਣਾ ਠਾਣ ਲਿਆ ਮੈਂ
ਕਰਮ ਕਰਣ ਦੇ ਕਾਰਨ ਹੀ ਹੁਣ
ਜ਼ਿੰਦਗੀ ਦਾ ਨਿੱਘ ਮਾਣ ਲਿਆ ਮੈਂ ।
ਆਉਂਦੀਆਂ ਜਾਂਦੀਆਂ ਲੰਘਦੀਆਂ ਵੇਖ
ਹਵਾਵਾਂ ਸਿਫਤਾਂ ਕਰਦੀਆਂ ਨੇ
ਮੇਰੀ ਸੱਖਣੀ ਝੋਲੀ ਦੇ ਵਿੱਚ
ਹਿੰਮਤਾਂ ਦੇ ਫੁੱਲ ਧਰਦੀਆਂ ਨੇ ।
ਮੁੱਖੜੇ ਤੇ ਇਹ ਨੂਰ ਮੈਂ ਰਾਤਾਂ
ਜਾਗ ਜਾਗ ਕੇ ਪਾਇਆ ਏ
ਆਹ ਵੇਖ ਤਮਾਸ਼ਾ ਜਿੰਦੜੀਏ ਨੀ
ਬਿਨ ਤੇਲ ਦੀਵਾ ਰੁਸ਼ਨਾਇਆ ਏ ।
ਨਿੰਦਿਆ ,ਆਲਸ ,ਤਿਆਗ ਤੇ ਡਰ ਵਿੱਚ
ਮੇਰਾ ਕੋਈ ਪੱਖ ਸਹਿਮਤ ਨੀਂ ਹੈ
ਕਿੱਥੋਂ ਮਿਹਨਤ ਕਰ ਸਕਦਾ ਉਹ
ਜਿਸ ਤੇ ਉਸਦੀ ਰਹਿਮਤ ਨੀਂ ਹੈ ।
ਮੇਰੇ ਮੋਢੇ ਬੋਝ ਮੈਂ ਹਰਦਮ
ਸੱਚ ਦੀ ਪੰਡ ਦਾ ਲੱਦਿਆ ਏ
ਕਦੇ ਨਾ ਥੱਕਦੇ ਪੈਰਾਂ ਨੂੰ ਮੈਂ
ਹੋਰ ਤੁਰਨ ਲਈ ਸੱਦਿਆ ਏ ।
ਵਰ੍ਹਦੀ ਅੱਗ ਦੇ ਵਿੱਚ ਵੀ ਫਿਰ
ਮੌਜ ਨਾਲ ਸੈਰਾਂ ਹੋਣਗੀਆਂ
ਕੱਚ ਦੇ ਰਾਹਾਂ 'ਤੇ ਵੀ ਵੇਖੀਂ
ਮੇਰੀਆਂ ਪੈੜਾਂ ਹੋਣਗੀਆਂ ।
ਜ਼ਹਿਰੀ ਹੋਏ ਮੌਸਮ ਦੇ ਵਿੱਚ ਵੀ
ਬੜੇ ਨਜ਼ਾਰੇ ਆਵਣਗੇ
ਮੇਰੇ ਜਾਣ ਤੋਂ ਮਗਰੋਂ ਵੀ ਜਦ
ਲੋਕ ਮੇਰੇ ਗੁਣ ਗਾਵਣਗੇ ।
ਰਹਿਮਤ ਦੀ ਮਾਲਾ ਪੈ ਗਈ ਜੇ
ਜਹਿਮਤ ਤੋਂ ਕਾਹਦਾ ਡਰਨਾ ਏ
ਜ਼ਿੰਦਗੀ ਦਾ ਬੱਸ ਮਕਸਦ ਹੀ ਜਦ
ਮਿਹਨਤ ਮਿਹਨਤ ਕਰਨਾ ਏ ।