ਸ਼ੇਖ ਚਿੱਲੀ ਬੋਲਦੈ------ ਮੈਂ ਨਹੀਂ ਜਾਣਾ ਰਾਜਨੀਤੀ 'ਚ.

 


ਸ਼ੇਖ ਚਿੱਲੀ  ਆਪਣੇ ਆਲੇ ਦੁਆਲੇ ਦੇ  ਇਲਾਕੇ  ਵਿੱਚ  ਮਸ਼ਹੂਰ ਹੋਣ ਲਗ ਪਿਆ ਸੀ। ਜਦੋਂ ਵੀ ਕੋਈ ਇਕੱਠ ਹੋਣਾ, ਸ਼ੇਖ ਚਿੱਲੀ  ਉੱਥੇ ਚਲਿਆ ਜਾਂਦਾ, ਤੇ ਲੋਕਾਂ ਦੇ  ਵਿਚਾਰ ਬੜੀ ਡੂੰਘੀ  ਦਿਲਚਸਪੀ  ਨਾਲ  ਸੁਣਦਾ।  ਉਹ ਕਦੇ  ਵੀ  ਆਪਣੇ ਵਿਚਾਰ ਜਾਹਰ ਨਹੀਂ ਕਰਦਾ। ਚੁੱਪ ਚਾਪ ਬੈਠਾ  ਸੁਣਦਾ ਹੋਇਆ ਇਕ ਚੰਗੇ ਸਰੋਤੇ  ਹੋਣ ਦਾ  ਸਬੂਤ  ਦਿੰਦਾ। ਉਸ ਦੀ ਦਿਲਚਸਪੀ ਰਾਜਨੀਤੀ ਵਿੱਚ ਵੀ ਹੋਣ ਲੱਗੀ। ਜਦੋਂ ਵੀ ਉਸਦਾ ਕੋਈ  ਮਿੱਤਰ ਜਾਂ ਸਾਥੀ ਉਸਨੂੰ  ਚੋਣਾ ਲੜਣ ਦੀ ਸਲਾਹ  ਦਿੰਦਾ ਤਾਂ  ਉਹ ਕਹਿ  ਦਿੰਦਾ ," ਅਜੇ ਨਹੀਂ। ਵਕਤ  ਆਉਣ ਦਿਓ। ਜਰੂਰ ਚੋਣਾ ਲੜਾਂਗਾ।ਕੁੱਦ ਕੇ ਲੜਾਂਗਾ। " ਜਦੋਂ  ਕੋਈ  ਪੁੱਛਦਾ ਕਿ ਉਹ ਕਿਹੜੀ  ਰਾਜਨੀਤਕ  ਪਾਰਟੀ  ਵਲੋਂ  ਚੋਣਾਂ ਲੜੇਗਾ ਤਾਂ ਉਹ  ਚੁੱਪ ਕਰ  ਜਾਂਦਾ। ਸੋਚਣ  ਲੱਗ ਜਾਂਦਾ। ਉਸ ਕੋਲ  ਖੁਦ  ਜਵਾਬ  ਨਹੀਂ  ਸੀ  ਕਿ ਕਿਹੜੀ ਰਾਜਨੀਤਕ ਪਾਰਟੀ ਉਸ ਨੂੰ  ਟਿਕਟ ਦੇ ਸਕਦੀ ਹੈ।  ਸ਼ੇਖ ਚਿੱਲੀ   ਬੈਠਾ ਘੰਟਿਆਂ  ਬੱਧੀ  ਇਹੀ  ਸੋਚਦਾ ਰਹਿੰਦਾ। ਅਖੀਰ ਵਿੱਚ  ਉਸ ਨੇ ਇਹ ਮਨ ਬਣਾਇਆ ਕਿ ਉਹ ਸਾਰੀਆਂ ਰਾਜਨੀਤਕ ਪਾਰਟੀਆਂ ਚੋਂ ਸਭ ਤੋਂ ਵਧੀਆ ਪਾਰਟੀ  ਦਾ ਪਤਾ  ਲਗਾਇਗਾ ਤੇ ਬਾਅਦ ਵਿੱਚ ਚੋਣ ਲੜੇਗਾ। 

ਉਸ  ਨੂੰ  ਪਤਾ  ਸੀ ਕਿ  ਵੱਖ ਵੱਖ  ਪਾਰਟੀਆਂ ਦੇ  ਨੁਮਾਇੰਦੇ  ਟੈਲੀਵਿਜ਼ਨ ਤੇ ਆਉਂਦੇ ਰਹਿੰਦੇ ਹਨ ਅਤੇ ਕਿਸੇ  ਚਲੰਤ  ਮੁੱਦੇ ਉੱਪਰ ਚਰਚਾ ਕਰਦੇ ਹਨ। ਉਸਨੇ ਟੈਲੀਵਿਜ਼ਨ ਉੱਤੇ  ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਵਿਚਾਰ ਚਰਚਾ ਸੁਣਨੀ ਸ਼ੁਰੂ ਕਰ ਦਿੱਤੀ।  ਇਕ ਵਾਰ  ਉਹ  ਕਿਸੇ  ਰਾਜਨੀਤਕ ਪਾਰਟੀ ਦੇ ਆਗੂ  ਵਲੋਂ ਕਿਸੇ  ਚੈਨਲ ਉੱਤੇ  ਵਿਚਾਰ ਚਰਚਾ  ਨੂੰ  ਵੇਖ ਰਿਹਾ ਸੀ। ਟੈਲੀਵਿਜ਼ਨ  ਮੂਹਰੇ ਚੌਕੜੀ ਮਾਰ ਕੇ  ਬਹਿ ਗਿਆ ਅਤੇ ਟਿਕਟਕੀ ਲਗਾ ਕੇ  ਹਰ ਗੱਲ ਬੜੇ ਧਿਆਨ  ਨਾਲ ਦੇਖਣ  ਸੁਣਨ ਲੱਗ ਪਿਆ। 


ਬਹਿਸ  ਚਰਚਾ ਵਿੱਚ  ਕੰਬਿਤ ਪਾਤਰਾ, ਭੀਮ ਅਟਕਲ, ਮੀਆਂ  ਕਦੇਸੀ, ਪ੍ਰੋ  ਕੁੰਦੂ ਮਾਜਰਾ, ਅਤੇ  ਇਕ ਦੋ ਧਾਰਮਿਕ  ਲਿਬਾਸ  ਪਾਈ ਦੇਸ਼ ਦੇ ਸਿਰਕੱਢ ਪਤਵੰਤੇ ਸੱਜਣ  ਭਾਗ ਲੈ ਰਹੇ ਸਨ। ਮਾਹੌਲ ਗਰਮਾਹਟ ਭਰਿਆ ਸੀ। ਚੈਨਲ  ਦੀ ਕਾਰਵਾਈ  ਇਕ ਸੁੰਦਰ ਮਿੱਠਬੋਲੜੀ ਬੀਬੀ  ਕਰ ਰਹੀ ਸੀ। ਬਹਿਸ ਦਾ ਮੁੱਦਾ  ਸਾਫ ਸੁਥਰੀ  ਸਿਆਸਤ  ਬਾਰੇ  ਹੀ ਸੀ। 

ਟੈਲੀਵਿਜ਼ਨ  ਵਾਲੀ  ਬੀਬੀ  ਨੇ ਬੁਲਾਰਿਆਂ ਬਾਰੇ ਸੰਖੇਪ'ਚ ਜਾਣਕਾਰੀ  ਦੇਣ  ਤੋਂ  ਬਾਅਦ ਬਹਿਸ  ਦੇ ਮੁੱਦੇ  ਬਾਰੇ ਦੱਸਦਿਆਂ ਅਟਕਲ ਸਾਹਿਬ ਨੂੰ ਬੋਲਣ  ਲਈ ਕਿਹਾ। ਅਟਕਲ ਸਾਹਿਬ  ਨੇ ਬੜੇ ਪੁਰਜੋਸ਼ ਅੰਦਾਜ਼ ਵਿੱਚ ਆਪਣੀ ਪਾਰਟੀ  ਵਲੋਂ  ਸ਼ੁਰੂ  ਕੀਤੇ ਕਾਰਜਾਂ ਬਾਰੇ ਚਾਨਣਾ ਪਾਉਣਾ ਚਾਹਿਆ। ਵਿੱਚ ਹੀ ਚਾਤਰਾ ਸਾਹਿਬ ਬੋਲਣ  ਲਗ ਪਏ। ਕਦੇਸੀ ਸਾਹਿਬ ਨੇ ਉਂਗਲੀ ਖੜ੍ਹੀ ਕਰਦਿਆਂ  ਬੋਲਣ ਲਈ ਸਮਾ ਲੈਣਾ  ਚਾਹਿਆ। ਇਸੇ  ਦੌਰਾਨ ਹੀ ਭਗਵੇਂ ਲਿਬਾਸ  ਵਿੱਚ ਸੰਤ ਨੁਮਾ ਬੁਲਾਰੇ ਨੇ  ਵੀ ਬੋਲਣਾ ਸ਼ੁਰੂ ਕਰ ਦਿੱਤਾ। ਸੰਤਾਂ ਦੇ  ਮੂੰਹੋਂ ਇਤਰਾਜ਼  ਯੋਗ ਸ਼ਬਦਾਂ ਦਾ ਪ੍ਰਗਟਾਵਾ ਸੁਣ ਕੇ  ਸ਼ੇਖ ਚਿੱਲੀ  ਅਚੰਭੇ'ਚ ਪੈ ਗਿਆ। ਪ੍ਰੋ ਕੁੰਦੂ ਮਾਜਰਾ  ਤਾਂ ਕੱਪੜਿਆਂ ਤੋਂ  ਬਾਹਰ ਹੁੰਦੇ  ਜਾਪਦੇ ਸਨ। ਉਨ੍ਹਾਂ ਨੇ  ਬਹਿਸ ਦੌਰਾਨ  ਬੋਲੇ ਗਏ  ਭੱਦੇ ਤੇ ਅਮਾਨਵੀ ਸ਼ਬਦਾਂ ਲਈ ਉਕਤ  ਬੁਲਾਰੇ ਨੂੰ  ਜਨਤਕ ਮੁਆਫੀ  ਮੰਗਣ ਲਈ ਕਿਹਾ। ਮਾਮਲਾ ਕਾਫੀ  ਮਘ ਗਿਆ।  ਅੰਤ ਨੂੰ  ਪ੍ਰੋ  ਕੁੰਦੂ ਮਾਜਰਾ  ਨੇ ਗੁੱਸੇ ਵਿੱਚ ਆਪਣਾ ਕਾਲਰ ਮਾਈਕ  ਖਿੱਚ ਕੇ ਲਾਹ ਦਿੱਤਾ ਅਤੇ  ਉੱਥੋਂ ਉੱਠ ਗਏ।

ਟੈਲੀਵਿਜ਼ਨ  ਦੀ ਐਂਕਰ  ਬੀਬੀ  ਨੇ ਬੜੀ ਹਲੀਮੀ ਨਾਲ ਸਾਰਿਆਂ ਨੂੰ  ਆਪਣੀ ਵਾਰੀ ਸਿਰ ਬੋਲਣ ਦੀ ਦਰਖਾਸਤ ਕੀਤੀ। ਪਰ ਇਸ  ਦਾ  ਕੋਈ  ਪ੍ਰਭਾਵ ਨਹੀਂ ਸੀ ਵੇਖਣ ਨੂੰ ਮਿਲ  ਰਿਹਾ। ਸ਼ੇਖ ਚਿੱਲੀ ਬੈਠਾ  ਇਹ ਸਭ ਕੁਝ ਬੜੀ ਨੀਝ ਨਾਲ ਤੱਕ ਰਿਹਾ ਸੀ। 

ਟੈਲੀਵਿਜ਼ਨ ਦੀ ਸਕਰੀਨ ਤੇ ਇਕੋ ਸਮੇਂ  ਛੇ ਚਿਹਰੇ  ਵੱਖਰੀ ਵੱਖਰੀ ਗੱਲ ਪੂਰੀ ਛਿੱਦਤ ਨਾਲ  ਜੋਰ ਦੇ ਕੇ ਕਰ ਰਹੇ ਸਨ।  ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਉੱਛਲ ਰਹੇ ਸਨ। ਕੁਝ ਵੀ ਸਮਝ ਨਹੀਂ ਸੀ ਲਗ ਰਿਹਾ। 

ਮਾਹੌਲ  ਬਹੁਤ  ਗਰਮ ਸੀ। ਐਂਕਰ ਬੀਬੀ  ਬੜੀ ਬੇਬਸ ਜਿਹੀ ਹੋ ਗਈ ਸੀ।  ਚੁੱਪੀ ਧਾਰ ਕੇ ਉਹ ਆਪਣੇ ਹੀ  ਚੈਨਲ ਉਪਰ ਇਕ ਰਾਜਨੀਤਕ ਛਿੰਝ  ਵੇਖ  ਰਹੀ ਸੀ। ਕੋਈ ਵੀ  ਬੁਲਾਰਾ ਉਸਦੀ  ਗਲ ਨਹੀਂ ਸੀ ਸੁਣ ਰਿਹਾ। 

ਸ਼ੇਖ ਚਿੱਲੀ ਨੂੰ ਗੁੱਸਾ ਵੀ ਆ ਰਿਹਾ ਸੀ  ਕਿ ਇਹ ਸਭ  ਕੀ ਹੋ ਰਿਹਾ ਹੈ। 

ਐਂਕਰ ਨੇ ਕਿਹਾ ਕਿ  ਜੇਕਰ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਐਡੀ ਗੈਰ ਜਿੰਮੇਵਾਰੀ ਨਾਲ ਪੇਸ਼ ਆਉਣਗੇ ਤਾ ਦੇਸ਼ਾਂ  ਵਿਦੇਸ਼ਾਂ  ਦੇ ਦਰਸ਼ਕ  ਕੀ ਸਮਝਣਗੇ। ਉਸਨੇ  ਬਾਰ ਬਾਰ  ਇੰਝ ਕਹਿ ਕੇ  ਬੁਲਾਰਿਆਂ ਨੂੰ ਸ਼ਾਂਤ ਰਹਿਣ ਲਈ ਬੇਨਤੀ ਕੀਤੀ ਕਿ ਸਾਰੇ ਉਨ੍ਹਾਂ ਦੇ ਅਜਿਹੇ ਵਰਤਾਰੇ  ਨੂੰ  ਦੇਖ ਸੁਣ ਰਹੇ ਹਨ। ਪਰ ਕੋਈ  ਅਸਰ ਨਹੀਂ ਹੋਇਆ। ਅੰਤ ਨੂੰ ਐਂਕਰ ਬੀਬੀ ਨੇ ਕਮਰਸ਼ੀਅਲ ਬਰੇਕ  ਲੈ ਲਈ ਤੇ ਚੈਨਲ ਤੋਂ ਇਹ ਵਿਚਾਰ ਚਰਚਾ ਦਾ ਪ੍ਰੋਗਰਾਮ ਹਟਾ ਦਿੱਤਾ। 

ਇਸ ਦੌਰਾਨ  ਸ਼ੇਖ ਚਿੱਲੀ ਨੇ ਟੈਲੀਵਿਜ਼ਨ ਦਾ ਬਟਨ ਬਦਲ ਕੇ ਕੋਈ ਹੋਰ  ਚੈਨਲ ਲਾ ਦਿੱਤਾ। ਇਥੇ ਵੀ ਇਹੋ ਜਿਹੀ ਕਾਂਵਾਂ-ਰੌਲੀ ਚਲ ਰਹੀ ਸੀ। ਬੁਲਾਰੇ ਹੋਰ ਸਨ। ਐਂਕਰ ਹੋਰ ਸੀ।ਪਰ ਵਿਚਾਰ ਚਰਚਾ  ਤੇ ਲਹਿਜਾ ਪਹਿਲਾਂ ਵਰਗਾ ਹੀ ਸੀ। 


ਸ਼ੇਖ ਚਿੱਲੀ  ਬਹੁਤ ਹਲਕਾ ਮਹਿਸੂਸ ਕਰ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਸਾਡੇ ਦੇਸ਼ ਵਿੱਚ ਰਾਜਨੀਤਕ ਮਾਹੌਲ ਕਿਸ ਤਰ੍ਹਾਂ ਦਾ ਬਣ ਚੁੱਕਾ  ਹੈ।  ਸਾਡੇ ਨੇਤਾ ਕਿਸੇ  ਦੂਜੇ ਦੀ ਗਲ ਸੁਣਨ ਨੂੰ  ਤਿਆਰ ਨਹੀਂ ਹਨ। ਜੋ ਖੁਦ ਦੇ ਪੱਲੇ ਹੈ ਉਸ ਨੂੰ  ਹੀ ਸੱਚ ਮੰਨੀ ਬੈਠੇ ਹਨ। ਸਾਡੇ ਵਿਚਲੀ ਸਹਿਣਸ਼ੀਲਤਾ ਨੂੰ ਖੰਭ ਲੱਗ ਚੁੱਕੇ ਹਨ। ਸ਼ੇਖ ਚਿੱਲੀ  ਦਾ ਮਨ ਬੜਾ ਦੁਖੀ ਹੋਇਆ। ਉਸਨੇ ਆਪਣੇ ਆਪ ਨੂੰ ਮੁਖਾਤਿਬ ਹੁੰਦਿਆਂ ਕਿਹਾ," ਇਹ ਰਾਜਨੀਤੀ ਮੇਰੇ ਵਸ ਦੀ  ਖੇਡ ਨਹੀਂ ਹੈ। ਸਾਰੇ ਰਾਜਨੀਤਕ ਆਗੂ ਗਲਾਂ ਦਾ ਕੜਾਹ ਪ੍ਰਸ਼ਾਦ ਹੀ ਵਰਤਾਓਂਦੇ ਹਨ। ਮੈਂ ਨਹੀਂ  ਜਾਣਾ  ਹੁਣ ਰਾਜਨੀਤੀ'ਚ ।"

ਇਹ ਕਹਿੰਦਿਆਂ  ਸ਼ੇਖ ਚਿੱਲੀ  ਨੇ ਆਪਣਾ ਟੈਲੀਵਿਜ਼ਨ ਬੰਦ ਕਰ ਦਿੱਤਾ। ਉਹ ਕਈ ਚਿਰ ਇਸ ਵਾਕਿਆ ਬਾਰੇ  ਸੋਚਦਾ ਰਿਹਾ। 


   - ਡਾ ਜਗਤਾਰ ਸਿੰਘ ਧੀਮਾਨ