ਗ਼ਜ਼ਲ / ਅਸ਼ਵਨੀ ਜੇਤਲੀ .

 


ਮਾਂ ਦੇ ਹੱਥਾਂ ਦੇ ਪਕੌੜੇ ਗੁਲਗਲੇ ਵੀ ਯਾਦ ਆਉਂਦੇ ਨੇ

ਬਨਾਉਣੇ ਪਾਣੀਆਂ ਦੇ ਬੁਲਬੁਲੇ ਵੀ ਯਾਦ ਆਉਂਦੇ ਨੇ


ਹੁੰਦੀ ਏ ਜਦੋਂ ਬਰਸਾਤ ਤਾਂ ਮਾਂ ਦੀ ਯਾਦ ਆਉਂਦੀ ਹੈ

ਕੀ ਦੱਸਾਂ ਕਿ ਕੀ ਕੀ ਸਿਲਸਿਲੇ ਵੀ ਯਾਦ ਆਉਂਦੇ ਨੇ


ਇਸ਼ਕ ਦੀ ਇਬਤਦਾ ਹੋਈ ਉਦੋਂ ਵੀ ਕਿਣਮਿਣੀ ਹੀ ਸੀ 

ਬਾਰਿਸ਼ਾਂ ਵਿਚ ਹੀ ਸਾਡੇ ਦਿਲ ਮਿਲੇ ਵੀ ਯਾਦ ਆਉਂਦੇ ਨੇ


ਜਿੰਨ੍ਹਾਂ ਨੇ ਜ਼ਿੰਦਗੀ ਬੇਰੰਗ ਵਿਚ ਸੀ ਰੰਗ ਭਰ ਦਿੱਤੇ

ਉਹ ਜੀਵਨ ਦੇ ਹਸੀਨ ਮਰਹਲੇ ਵੀ ਯਾਦ ਆਉਂਦੇ ਨੇ


ਜਲਾਈਆਂ ਬਸਤੀਆਂ ਜਨੂੰਨੀਆਂ ਨੇ ਤਰਸ ਨਾ ਕੀਤਾ

ਧਰਮ ਦੀ ਆੜ ਹੇਠਾਂ ਘਰ ਜਲੇ ਵੀ ਯਾਦ ਆਉਂਦੇ ਨੇ


ਗਿਰਾ ਕੇ ਘਰ ਗਰੀਬਾਂ ਦੇ ਜੋ ਹੋ ਕੇ ਸ਼ਾਂਤ ਬਹਿ ਗਏ ਸਨ

ਅਜੇ ਤੀਕਰ ਉਹ ਜ਼ਾਲਿਮ ਜ਼ਲਜ਼ਲੇ ਵੀ ਯਾਦ ਆਉਂਦੇ ਨੇ