ਗ਼ਜ਼ਲ / ਅਸ਼ਵਨੀ ਜੇਤਲੀ .

ਕਾਸ਼ ਹੁੰਦੀ ਮਾਂ ਘਰੇ ਬਰਸਾਤ ਵਿਚ
ਮਹਿਕਦੀ ਹਰ ਥਾਂ ਘਰੇ ਬਰਸਾਤ ਵਿਚ

ਪੱਕੇ ਘਰਾਂ 'ਚ ਦੀਵੇ ਨੇ ਜਗਦੇ ਪਏ
ਕੱਚੇ ਕੋਠੇ ਚੋਅ ਭਰੇ ਬਰਸਾਤ ਵਿਚ
 ਨਿੱਘ ਫਿਰ ਮੌਸਮ ਕਿਸੇ ਨਾ ਪਾ ਸਕੇ 
ਜਜ਼ਬੇ ਜਿਹੜੇ ਸੀ ਠਰੇ ਬਰਸਾਤ ਵਿਚ 

ਖੜਕੀ ਗਲਾਸੀ ਰੂਹ ਪਿਆਸੀ ਨਾ ਰਹੀ
ਖੋਟੇ ਵੀ ਹੋ ਗਏ ਖਰੇ ਬਰਸਾਤ ਵਿਚ

ਸਾਉਣ ਦੇ ਅੰਨ੍ਹੇ ਨੂੰ ਦਿੱਸਦੈ ਸਭ ਹਰਾ
ਖ਼ਾਬ ਵੇਂਹਦਾ ਏ ਹਰੇ ਬਰਸਾਤ ਵਿਚ

ਸੁੱਖ ਦਾ ਲੈ ਕੇ ਸੁਨੇਹਾ ਆਉਣਗੇ
ਦੁੱਖ ਅਸਾਂ ਨੇ ਜੋ ਜਰੇ ਬਰਸਾਤ ਵਿਚ

ਮਹਿਕ ਪਾਣੀ 'ਚ ਇੱਤਰ ਦੀ ਘੋਲ ਕੇ
ਕਾਗਜ਼ਾਂ ਦੇ ਫੁੱਲ ਤਰੇ ਬਰਸਾਤ ਵਿਚ

ਪੋਹ ਮਾਘ ਦੀ ਠਾਰ ਵੀ ਜਰ ਲੈਣਗੇ 
ਲੋਕ ਜਿਹੜੇ ਨਾ ਡਰੇ ਬਰਸਾਤ ਵਿਚ