ਗ਼ਜ਼ਲ / ਅਸ਼ਵਨੀ ਜੇਤਲੀ .

 


ਹੈ ਮੇਰੀ ਇਲਤਜਾ ਐਨਾ ਕੁ ਤਾਂ ਉਪਕਾਰ ਕਰ ਦੇਵੀਂ

ਮੁਹੱਬਤ ਆਪਣੀ ਸੰਗ ਰੂਹ ਮੇਰੀ ਸਰਸ਼ਾਰ ਕਰ ਦੇਵੀਂ


ਖਿੜੇ ਮੱਥੇ ਮਿਲੀਂ ਜਦ ਵੀ ਮਿਲੀਂ ਤੂੰ ਬੇਕਸਾਂ ਨੂੰ

ਉਜੜੇ ਬਾਗ ਦਿਲ ਦੇ ਨੂੰ ਤੂੰ ਮੁੜ ਗੁਲਜ਼ਾਰ ਕਰ ਦੇਵੀਂ


ਕਿਸੇ ਵੀ ਮੋੜ 'ਤੇ ਜੇਕਰ ਸਬੱਬੀਂ ਮਿਲ ਗਏ ਆਪਾਂ

ਵੇਖੀਂ ਐਵੇਂ ਨਾ ਪਹਿਚਾਨਣੋਂ ਇਨਕਾਰ ਕਰ ਦੇਵੀਂ


ਹੱਕ ਸੱਚ ਦੇ ਲਈ ਖੜ੍ਹਨਾ ਤੇ ਲੜਣਾ ਹੈ ਹਮੇਸ਼ਾ ਤੂੰ

ਪਈ ਜੇ ਲੋੜ ਤਾਂ ਫਿਰ ਕਲਮ ਨੂੰ ਤਲਵਾਰ ਕਰ ਦੇਵੀਂ


ਤੇਰੇ ਹੱਕ 'ਤੇ ਜੋ ਡਾਕਾ ਮਾਰਦੈ ਉਸਨੂੰ ਨਾ ਫਿਰ ਬਖਸ਼ੀਂ

ਤੈਨੂੰ ਹੱਕ ਹੈ ਕਿ ਉਸਦੀ ਜ਼ਿੰਦਗੀ ਦੁਸ਼ਵਾਰ ਕਰ ਦੇਵੀਂ


ਪਿਰੋ ਕੇ ਹਰ ਸ਼ੇਅਰ ਹੀ ਆਸ ਦੀ ਮਾਲਾ 'ਚ ਰੱਖ ਦੇਵੀਂ

ਗ਼ਜ਼ਲ ਐਸੀ ਕਹੀਂ ਕਿ ਜ਼ਿੰਦਗੀ ਸ਼ਾਹਕਾਰ ਕਰ ਦੇਵੀਂ