ਕੋਰੋਨਾ ਗ਼ਜ਼ਲ /ਅਸ਼ਵਨੀ ਜੇਤਲੀ .
ਇਸ ਚੰਦਰੇ ਸਾਲ ਵੀਹ-ਵੀਹ ਨੇ ਹੈ ਦੁਨੀਆਂ ਹੀ ਹਿਲਾ ਦਿੱਤੀ
ਸਦੀ ਦੇ ਬਾਅਦ ਹੈ ਖਤਰਨਾਕ ਇਕ ਮਹਾਮਾਰੀ ਲਿਆ ਦਿੱਤੀ
ਤਰੱਕੀ ਦੇ ਤੁਰੀ ਸੀ ਰਾਹ ਪਰ ਹੁਣ ਮੁੱਕ ਚੱਲੇ ਸਾਹ
ਕੋਰੋਨਾ ਦੀ ਵਬਾ ਲੈ ਵੇਖ ਦੁਨੀਆਂ ਕਿੱਥੋਂ ਕਿੱਥੇ ਪੁਚਾ ਦਿੱਤੀ
ਗਿਣਤੀ ਰੋਜ਼ ਵੱਧਦੀ ਜਾ ਰਹੀ ਜੱਗ 'ਤੇ ਮਰੀਜ਼ਾਂ ਦੀ
ਕੋਰੋਨਾ ਵਾਇਰਸ ਨੇ ਹੈ ਅੱਜ ਸਾਰੀ ਖ਼ਲਕਤ ਹੀ ਡਰਾ ਦਿੱਤੀ
ਇਹਦੇ ਹੀ ਖੌਫ ਕਰਕੇ ਲੌਕਡਾਊਨ ਹਰ ਮੁਲਕ ਹੋਇਆ
ਜੋ ਸੜਕਾਂ ਤੇ ਸੀ ਪਬਲਿਕ ਚੁੱਕ ਇਹਨੇ ਘਰਾਂ ਵਿਚ ਬਿਠਾ ਦਿੱਤੀ
ਮੂੰਹ ਨੂੰ ਢੱਕ ਕੇ ਰੱਖਣਾ, ਨਹੀਂ ਹੱਥ ਵੀ ਮਿਲਾਉਣਾ ਹੁਣ
ਰੱਖਣੀ ਦੂਰੀ ਹੈ ਤਿੰਨ ਫੁੱਟ ਦੀ, ਹਦਾਇਤ ਇਹ ਸੁਣਾ ਦਿੱਤੀ
ਕਿਉਂ ਤੂੰ ਭੁੜਕਦੈਂ ਬੰਦਿਆ ਤੇਰੀ ਹਸਤੀ ਅਣੂ ਵੀ ਨਈਂ
ਹੈ ਕੁਦਰਤ ਨੇ ਮਨੁੱਖ ਨੂੰ ਉਸਦੀ ਅਸਲ ਔਕਾਤ ਵਿਖਾ ਦਿੱਤੀ
ਜੋ ਸਨ ਕਹਿੰਦੇ ਕਿ ਸਾਡੀ ਮੁੱਠੀ ਵਿੱਚ ਹੈ ਇਹ ਦੁਨੀਆਂ
ਵਾਇਰਸ ਨੇ ਉਨ੍ਹਾਂ ਦੀ ਪਲ ਵਿੱਚ ਹੀ ਫਿਰਕੀ ਘੁਮਾ ਦਿੱਤੀ
ਅਰਥਚਾਰੇ ਦੀ ਹੋਈ ਚੂਲ ਢਿੱਲੀ, ਭੁੱਖਮਰੀ ਫੈਲੀ
ਮਹਾਂਮਾਰੀ ਨੇ ਮਹਾਰਾਣੀ ਵੀ ਲਾਹ ਤਖ਼ਤ ਤੋਂ ਭੁੰਜੇ ਬਿਠਾ ਦਿੱਤੀ