ਕਵਿਤਾ ਜੇਹੀ ਕਹਾਣੀ / ਫੇਸਬੁੱਕ 'ਤੇ ਫੇਰ ਸਾਡੀ ਦੋਸਤੀ ਹੋਈ / ਅਸ਼ਵਨੀ ਜੇਤਲੀ .
ਦੁਚਿੱਤੀ ਵਿਚ ਸਾਂ ਸਵੀਕਾਰਾਂ
ਕਿ ਇਗਨੋਰ ਕਰ ਦੇਵਾਂ
ਐਫਬੀ 'ਤੇ ਮਿੱਤਰਤਾ ਦੀ
ਅੱਜ ਉਸਨੇ ਸੀ ਬੇਨਤੀ ਘੱਲੀ
ਮੈਂ ਮਨ ਵਿਚ ਆਖਿਆ 'ਹੈ ਕੁੜੀ ਝੱਲੀ'
ਪਰ ਉਂਗਲ ਨੇ ਦਗ਼ਾ ਕੀਤਾ
ਡਿਲੀਟ ਦੀ ਥਾਂ ਜਾ ਉਹਨੇ ਕਨਫਰਮ ਹੈ ਕੀਤਾ
ਖਵਰੇ ਪੁਰਾਣਾ ਫੱਟ ਹੈ ਸੀਤਾ
ਜਾਂ ਮੁੜ ਕੇ ਜ਼ਖ਼ਮੀ ਏਂ ਕੀਤਾ
ਅਸੀਂ ਫਿਰ ਤੋਂ 'ਫੇਸਬੁੱਕ ਫਰੈਂਡ'
ਬਣ ਗਏ ਹਾਂ
ਉਂਝ ਸਾਡੀ ਸਾਂਝ ਕੋਈ ਨਵੀਂ ਨਹੀਂ ਹੈ
ਇਹ ਤਾਂ ਲਗਭਗ ਅੱਧੀ ਸਦੀ ਪੁਰਾਣੀ ਹੈ
ਬੜੀ ਲੰਬੀ ਕਹਾਣੀ ਹੈ
ਅੱਜ ਦੀ ਦੋਸਤੀ ਨੇ ਫੇਰ ਇਕ ਅਜਬ ਜਿਹਾ ਅਹਿਸਾਸ ਕਰਵਾਇਆ ਹੈ
ਕਲਮੀ ਦੋਸਤੀ ਦਾ ਦੌਰ ਫਿਰ ਤੋਂ
ਯਾਦ ਆਇਆ ਹੈ
ਉਦੋਂ ਉਹ ਵੀ ਕਮਸਿਨ ਸੀ
ਮੈਂ ਵੀ ਤਾਂ ਜਵਾਨੀ ਵਿਚ ਪਹਿਲਾ
ਕਦਮ ਧਰਿਆ ਸੀ
ਤੇ ਸਾਡੀ ਕਲਮੀ ਮਿੱਤਰਤਾ
ਮੁਹੱਬਤ ਵਿਚ ਕਦੋਂ ਬਦਲੀ
ਸਾਨੂੰ ਪਤਾ ਵੀ ਨਹੀਂ ਚੱਲਿਆ
ਮਿਲਣ ਦਾ ਸਿਲਸਿਲਾ ਚੱਲਿਆ
ਉਹ ਮੈਟੀਰੀਅਲਿਸਟਿਕ ਸੀ
ਤੇ ਮੈਂ ਭਾਵੁਕ ਜਿਹਾ ਸੀ
ਨਹੀਂ ਨਿਭਣੀ ਤੁਹਾਡੀ
ਸੱਜਣਾਂ ਮਿੱਤਰਾਂ ਨੇ ਕਿਹਾ ਸੀ
ਭਾਵੁਕਤਾ ਵਿੱਚ ਜਦੋਂ ਉਸਦਾ ਇਕ ਦਿਨ
ਮੈਂ ਸੀ ਹੱਥ ਮੰਗ ਲਿਆ
ਬੜੇ ਸਲੀਕੇ ਨਾਲ ਉਸਨੇ ਬਦਲ ਸੀ ਰੰਗ ਲਿਆ
ਦੋਹਾਂ ਦਾ ਬਦਲਿਆ ਰਸਤਾ
ਬਦਲ ਗਈਆਂ ਸੀ ਜ਼ਿੰਦਗੀਆਂ
ਉਹ ਕਿੱਥੇ ਹੈ, ਕਿਵੇਂ ਹੋਊ, ਇਹ ਸੋਚਦਾ ਰਹਿੰਦਾ ਸੀ
ਹੁਣ ਇਕ ਵਾਰ ਫਿਰ ਦੋਸਤੀ ਹੋ ਗਈ ਹੈ
ਤੇ ਬੜੀ ਸ਼ਾਲੀਨਤਾ ਦੇ ਨਾਲ
ਉਸਨੇ ਹਾਲ ਪੁੱਛਿਆ ਹੈ
ਤੇ ਮੈਂ ਵੀ ਭੁੱਲ ਕੇ ਪਿਛਲੀਆਂ ਸੱਭ
ਉਸਨੂੰ 'ਵੈਲਕਮ' ਲਿਖ ਦਿੱਤਾ ਹੈ
ਕਲਮੀ ਦੋਸਤੀ ਵੇਲੇ ਇਕ ਦੂਜੇ ਨੂੰ
ਮੁਖਾਤਿਬ ਹੁੰਦੇ ਸਾਂ ਤਿੰਨ ਦਿਨਾਂ ਪਿੱਛੋਂ
ਤੇ ਹੁਣ ਹਾਲ ਇਕ ਦੂਜੇ ਦਾ ਜਾਣ ਲਈਦੈ
ਦੋ ਤਿੰਨ ਛਿਣਾਂ ਪਿੱਛੋਂ
ਪਰ ਉਸ ਕਲਮੀ ਦੋਸਤੀ
ਤੇ ਹੁਣ ਦੀ ਐਫਬੀ ਵਾਲੀ ਦੋਸਤੀ
ਵਿੱਚ ਅੰਤਰ ਬੜਾ ਹੈ
ਉਦੋਂ ਹੱਥ ਲਿਖਤ ਆਉਂਦੀ ਸੀ
ਹਕੀਕੀ ਨਿੱਘ ਮਿਲਦਾ ਸੀ
ਹੁਣ ਜਦ 'ਹਾਇ' ਹੁੰਦੀ ਹੈ
ਬੜਾ ਹੀ ਓਪਰਾ ਲੱਗਦੈ
ਉਹ ਮੈਨੂੰ ਆਪਣੇ ਦਿੱਤੇ ਨਿਕਨੇਮ 'ਮੰਨੂ' ਨਾਲ
ਹੁਣ ਸੰਬੋਧਨ ਨਹੀਂ ਕਰਦੀ
ਤੇ ਮੈਂ ਵੀ ਰੱਜੀ ਦੀ ਥਾਂ 'ਜੀ ਜੀ' ਲਿਖਦਾ ਓਪਰਾ
ਮਹਿਸੂਸ ਕਰਦਾ ਹਾਂ - ਪਰ ਤਕਾਜ਼ਾ ਉਮਰ ਦਾ ਹੈ ਕਿ ਰੁਤਬਿਆਂ ਦਾ
ਇਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦਾ ਹਾਂ
ਮੈਂ ਕਹਿੰਦਾ ਹਾਂ ਤੁਸੀਂ ਪ੍ਰੋਫਾਈਲ ਪਿਕ ਵਿਚ ਅੱਜ ਵੀ
ਉਵੇਂ ਦੇ ਹੀ ਐਲੀਗੈੰਟ ਲੱਗਦੇ ਹੋ
ਉਹ ਕਹਿੰਦੀ ਹੈ : ਤੁਸੀਂ ਵੀ ਤਾਂ
ਬਿਲਕੁਲ ਪਹਿਲਾਂ ਵਰਗੇ ਹੀ
ਸੋਬਰ ਤੇ ਇੰਟੈਲੀਜੈਂਟ ਲੱਗਦੇ ਹੋ
ਮੈਂ ਪੁੱਛਦਾਂ : ਹਾਲ ਕੀ ਹੈ ਤੁਹਾਡੇ ਖਾਵੰਦ ਦਾ, ਸੁਭਾਅ ਕੈਸਾ ਹੈ ਓਹਨਾਂ ਦਾ?
ਉਹ ਦੱਸਦੀ ਹੈ ਕਿ ਮੇਅਰ ਸ਼ਹਿਰ ਦੇ ਹਨ ਉਹ, ਲੋਕ ਸੇਵਾ ਵਿੱਚ ਲੱਗੇ ਰਹਿੰਦੇ ਨੇ
ਉਹ ਕਹਿੰਦੀ ਹੈ ' ਤੁਸੀਂ ਦੱਸੋ ਕਿ ਮੈਡਮ ਕਿਵੇਂ ਨੇ?'
ਤੁਸੀਂ ਕੀ ਕਰਦੇ ਹੋ ਅੱਜਕਲ੍ਹ
ਪਹਿਲੇ ਸਵਾਲ ਤੇ ਲਿਖਦਾਂ 'ਬੜੀ ਹੀ ਨੇਕ ਸਾਊ ਹੈ'
ਤੇ ਦੂਜੇ ਦਾ ਜਵਾਬ ਦਿੰਦਿਆਂ ਜ਼ਰਾ ਝਕਦਾਂ
ਤੇ ਫਿਰ ਕੁਝ ਪਲ ਸੋਚਦਾਂ ਤੇ ਦੱਸਦਾ ਹਾਂ
ਜਿਵੇਂ ਸੀ ਨਾਮ ਆਪਾਂ ਦੋਵਾਂ ਦੇ ਨੇ ਮੇਲ ਖਾਂਦੇ (ਮਨੋਜ-ਸਰੋਜ)
ਨਾਮ ਦੋਹਾਂ ਦੇ ਰੁਤਬਿਆਂ ਦੇ ਉਵੇਂ
ਕੁਝ ਮੇਲ ਨਹੀਂ ਖਾਂਦੇ
ਉਹ ਸੇਵਾਰਤ ਮੇਅਰ ਹਨ
ਤੇ ਮੈਂ ਬੈੰਕ ਦਾ ਸੇਵਾਮੁਕਤ ਮੈਨੇਜਰ
ਅਸੀਂ ਫਿਰ ਗੱਲਾਂ ਨੂੰ ਜ਼ਰਾ ਕੁ ਮੋੜ ਦਿੰਦੇ ਹਾਂ
ਇੱਕ ਦੂਸਰੇ ਦੇ ਧੀਆਂ ਪੁੱਤਰਾਂ ਬਾਰੇ ਪੁੱਛਦੇ ਹਾਂ
--ਵਿਆਹੀਆਂ ਗਈਆਂ ਨੇ ਧੀਆਂ
ਜਵਾਈ ਬਹੁਤ ਚੰਗੇ ਨੇ
ਦੋਹਤੇ ਦੋਹਤੀਆਂ ਪੜ੍ਹਦੇ ਨੇ ਜਦੋਂ ਵੀ ਛੁੱਟੀਆਂ 'ਚ ਨਾਨਕੇ ਆਉਂਦੇ
ਮੇਰੇ ਨਾਲ ਖੂਬ ਲੜਦੇ ਨੇ...
ਮੈਂ ਹਾਸੇ ਵਾਲੇ ਫੇਸ ਜਿਹੇ ਦੀ
ਸਮਾਇਲੀ ਲੱਭਦਾ ਹਾਂ, ਤੇ ਉਸ ਗੱਲ ਦਾ ਸੰਕੇਤਕ ਜਿਹਾ ਉੱਤਰ
ਘੱਲਦਾ ਹਾਂ
ਉਹਦੇ ਪੁੱਛਣ 'ਤੇ ਦੱਸਦਾ ਹਾਂ ਕਿ ਬੇਟਾ ਪੜ੍ਹਣ ਲਈ ਵਿਦੇਸ਼ ਘੱਲ ਦਿੱਤਾ ਹੈ
ਅਗਲੇ ਸਾਲ ਆਉਣੈ, ਉਸਦਾ ਏਥੇ ਰਿਸ਼ਤਾ ਕਰ ਦਿੱਤੈ
ਵਿਆਹ 'ਤੇ ਆਉਗੇ ਨਾ?
ਉਸਨੂੰ ਪੁੱਛਿਆ ਹੈ
ਉਸ ਅੱਗਿਉਂ ਕੁੱਝ ਨਹੀਂ
ਲਿਖਿਆ
ਦੁਵੱਲੇ ਇਕ ਖਾਮੋਸ਼ੀ ਛਾ ਗਈ ਹੈ
ਤੇ ਫਿਰ ਕੁੱਝ ਦੇਰ ਮਗਰੋਂ
'ਗੁੱਡ ਨਾਈਟ' ਲਿਖ ਕੇ ਆਫਲਾਈਨ ਹੋ ਗਈ ਹੈ
ਮੇਰੇ ਅੰਦਰ ਵਿਚਾਰਾਂ ਦੀ ਉਸੱਲਵਟੀ ਜਿਹੀ ਫਿਰ ਭੌਂਅ ਗਈ ਹੈ, ਕਿ
ਪੁਰਾਣੀ ਯਾਦ ਅੰਦਰ ਘਿਰ ਗਈ ਹੈ
ਜਾਂ ਕਿ ਥੱਕ ਕੇ ਵਿਚਾਰੀ ਸੌਂ ਗਈ ਹੈ
--ਅਸ਼ਵਨੀ ਜੇਤਲੀ