ਗ਼ਜ਼ਲ / ਅਸ਼ਵਨੀ ਜੇਤਲੀ .
ਸ਼ੋਰ ਬੜਾ ਹੈ ਆਸੇ ਪਾਸੇ ਚੱਲ ਮਨਾਂ ਮਨ ਅੰਦਰ ਚੱਲ
ਲੋਕਾਂ ਦੀ ਹੁਣ ਸੁਣਨੀ ਛੱਡ, ਦਿਲ ਦੀ ਸੁਣਿਆਂ ਕਰ ਤੂੰ ਗੱਲ
ਮਸਲੇ ਜੀਵਨ ਦੇ ਜੋ ਵੀ ਹਨ, ਹੱਲ ਆਪਾਂ ਹੀ ਕਰਨੇ
ਕੋਸ਼ਿਸ਼ ਕਰੀਏ ਰਲ਼ ਮਿਲ ਆਪਾਂ, ਕੱਢੀਏ ਕੋਈ ਹੱਲ
ਜਜ਼ਬਾਤਾਂ ਦੇ ਵਹਿਣ 'ਚ ਵਹਿਣਾ ਉੱਡਣਾ ਛੱਡੀਏ ਹੁਣ
ਕਵਿਤਾ, ਗ਼ਜ਼ਲ, ਕਹਾਣੀ ਦੇ ਵਿਚ ਕਰੀਏ ਨਿੱਗਰ ਗੱਲ
ਹੱਕ ਦੀ ਖਾਤਰ ਜੂਝਣ ਵਾਲੇ ਸਿਸਟਮ ਨਾਲ ਨੇ ਖਹਿੰਦੇ
ਲੋੜ ਪੈਣ 'ਤੇ ਡੱਟਣ ਮੈਦਾਨੇ, ਪਾਉਂਦੇ ਫਿਰ ਤਰਥੱਲ
ਉਸਦਾ ਜੀਅ ਕਦ ਕਰਦਾ ਸੀ ਛੱਡ ਪਿੰਡ ਦੀ ਜੂਹ ਨੂੰ ਜਾਵੇ
ਰੋਟੀ-ਰੋਜ਼ੀ ਦੇ ਫਿਕਰਾਂ ਸੀ ਜਿਸ ਨੂੰ , ਦਿੱਤਾ ਸ਼ਹਿਰ ਦਬੱਲ
ਦੋਹਾਂ ਵਿੱਚ ਕੋਈ ਫ਼ਰਕ ਨਾ ਜਾਪੇ, ਕੰਨ ਮੇਰੇ ਜਦ ਸੁਣਦੇ
ਮਸਜਿਦ ਵਿੱਚ ਆਜ਼ਾਨ ਗੂੰਜਦੀ, ਮੰਦਰ ਦੇ ਵਿੱਚ ਟੱਲ