ਗ਼ਜ਼ਲ /ਅਸ਼ਵਨੀ ਜੇਤਲੀ .
ਪੱਤਝੜੀਂ ਵੀ ਗੀਤ ਬਹਾਰ ਦੇ ਗਾਈ ਜਾ
ਮਨ ਨੂੰ ਝੂਠ ਮੂਠ ਮਨਾਂ ਪਰਚਾਈ ਜਾ
ਇਹ ਪੰਛੀ ਨਹੀਂ ਤੇਰੇ ਹੋਣੇ, ਉੰਡ ਜਾਣੇ
ਤਲੀਆਂ ਉੰਤੇ ਭਾਵੇਂ ਚੋਗ ਚੁਗਾਈ ਜਾ
ਜਿਸਨੇ ਤੇਰੇ ਲਈ ਦਰਵਾਜ਼ੇ ਬੰਦ ਕੀਤੇ
ਉਸ ਬੰਦੇ ਦਾ ਬੂਹਾ ਨਾ ਖੜਕਾਈ ਜਾ
ਇਕ ਇਕ ਕਰਕੇ ਸਾਥੀ ਤੁਰਦੇ ਜਾਂਦੇ ਨੇ
ਕੱਲੇ ਰੁੱਖ ਦੀ ਬੈਠਾ ਜੂਨ ਹੰਢਾਈ ਜਾ
ਹਰ ਕੋਈ ਧੋਖਾ ਦੇ ਕੇ ਤੁਰਦਾ ਲੱਗਿਆ ਹੈ
ਲੇਖਾਂ ਵਿੱਚ ਲਿਖਿਆ ਹੈ ਧੋਖਾ, ਖਾਈ ਜਾ
ਦੁਨੀਆਂ ਦੀ ਤੂੰ ਸੁਰ ਦੇ ਨਾਲ ਮਿਲਾ ਦੇ ਸੁਰ
ਵੱਖਰੀ ਨਾ ਹੁਣ ਡਫਲੀ ਕੋਈ ਵਜਾਈ ਜਾ
ਨਫ਼ਰਤ, ਸਾੜੇ , ਈਰਖਾ ਦੇ ਕੁਹਜ ਨੂੰ
ਰੱਖ ਕੇ ਲਾਂਭੇ, ਜੀਵਨ ਨੂੰ ਮਹਿਕਾਈ ਜਾ
