ਪੰਜਾਬੀ ਕਹਾਣੀਕਾਰ ਭੂਰਾ ਸਿੰਘ ਕਲੇਰ ਦੀ ਪੁਸਤਕ ਲੋਕ ਪੈੜਾਂ ਅੱਜ ਪੂਹਲੇ ਲੋਕ ਅਰਪਨ ਹੋਵੇਗੀ.
ਬੂਟਾ ਸਿੰਘ ਚੌਹਾਨ ਨੇ ਅੱਜ ਸਵੇਰੇ ਫੋਨ ਤੇ ਦੱਸਿਆ ਕਿ ਸਾਡਾ ਲੇਖਕ ਭਰਾ ਭੂਰਾ ਸਿੰਘ ਕਲੇਰ ਪੂਹਲਾ(ਬਠਿੰਡਾ) ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹੈ।
ਮੈਨੂੰ ਚੇਤੇ ਆਇਆ ਉਹ ਸਾਰਾ ਸਮਾਂ ਜਦ ਜਦ ਕਲੇਰ ਸਾਹਿਬ ਮੇਰੀ ਧਿਰ ਬਣੇ ਚੱਟਾਨ ਵਾਂਗ। ਵਿਸ਼ੇਸ਼ ਕਰਕੇ 2008 ਵਾਲੀ ਅਕਾਡਮੀ ਦੀ ਪ੍ਰਧਾਨਗੀ ਚੋਣ ਵੇਲੇ ਟੀਚਰਜ਼ ਹੋਮ ਬਠਿੰਡਾ ਚ ਉਹ ਅਤਰਜੀਤ ਸਮੇਤ ਮੇਰੇ ਸੰਗ ਸਾਥ ਰਹੇ। ਨਿਭੇ ਵੀ।
ਭੂਰਾ ਸਿੰਘ ਕਲੇਰ ਦੀ ਸਿਹਤ ਨਾਸਾਜ਼ ਹੋਣਾ ਸੁਣ ਕੇ ਹੀ ਬੂਟਾ ਸਿੰਘ ਨੇ ਉਸ ਨਾਲ ਜਦ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਸ ਦੀ ਨਵੀਂ ਰਚਨਾ ਲੋਕ ਪੈੜਾਂ ਅੱਧ ਪਚੱਧੀ ਟਾਈਪ ਹੋ ਗਈ ਹੈ ਤੇ ਬਾਕੀ ਕੰਮ ਬੀਮਾਰੀ ਕਾਰਨ ਰੁਕ ਗਿਆ।
ਹਾਲਾਤ ਗੰਭੀਰ ਵੇਖ ਕੇ ਬੂਟਾ ਸਿੰਘ ਚੌਹਾਨ ਮਸੌਦਾ ਚੁੱਕ ਲਿਆਇਆ ਤੇ 48 ਘੰਟੇ ਚ ਹੀ ਲੋਕ ਪੈੜਾਂ ਅਰਪਿਤਾ ਪਬਲੀਕੇਸ਼ਨ ਬਰਨਾਲਾ ਵੱਲੋਂ ਕਿਤਾਬ ਛਪਵਾ ਦਿੱਤੀ। ਇਹ ਵੱਖ ਵੱਖ ਵਿਅਕਤੀਆਂ ਦੇ ਸ਼ਬਦ ਚਿਤਰ ਹਨ।
ਅੱਜ ਸ਼ਾਮੀਂ ਛੇ ਵਜੇ ਭੂਰਾ ਸਿੰਘ ਕਲੇਰ ਦੇ ਪਿੰਡ ਪੂਹਲੇ ਜਾ ਕੇ ਲੋਕ ਪੈੜਾਂ ਉਸ ਨੂੰ ਸੰਤ ਬਲਬੀਰ ਸਿੰਘ ਘੁੰਨਸ, ਡਾ: ਭੁਪਿੰਦਰ ਸਿੰਘ ਬੇਦੀ ਤੇ ਬੂਟਾ ਸਿੰਘ ਚੌਹਾਨ ਭੇਂਟ ਕਰਨਗੇ। ਇਸੇ ਮੌਕੇ ਭੂਰਾ ਸਿੰਘ ਕਲੇਰ ਨੂੰ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਪੁਰਸਕਾਰ ਵੀ ਦਿੱਤਾ ਜਾਵੇਗਾ।
ਭੂਰਾ ਸਿੰਘ ਕਲੇਰ ਦੀਆਂ ਇਸ ਤੋਂ ਪਹਿਲਾਂ
ਟੁੱਟੇ ਪੱਤੇ, ਫ਼ਾਤਿਮਾ ਬੇਗ਼ਮ, ਤ੍ਰਿਹਾਇਆ ਰੁੱਖ (ਕਹਾਣੀ ਸੰਗ੍ਰਹਿ)ਜੰਡਾ ਵੇ ਜੰਡੋਰਿਆ( ਨਾਵਲ) ਅਤੇ ਸ੍ਵੈ ਜੀਵਨੀ ਟੋਏ ਟਿੱਬੇ ਲਿਖਤਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ।
ਸਿਹਤਯਾਬ ਹੋਵੋ ਜਲਦੀ ਜਲਦੀ ਸ: ਭੂਰਾ ਸਿੰਘ ਕਲੇਰ ਜੀ।
ਪੁਸਤਕ ਦੀਆਂ ਮੁਬਾਰਕਾਂ।
ਗੁਰਭਜਨ ਗਿੱਲ
28.7.2020
