ਕਵਿਤਾ / ਪਹੁ ਫੁਟਾਲੇ ਦੀ ਲਾਲੀ ਜਿਹਾ ਸਕੂਨ / ਅਸ਼ਵਨੀ ਜੇਤਲੀ .
ਪਹੁ ਫੁਟਾਲੇ ਵੇਲੇ
ਸੂਰਜ ਦੀਆਂ ਪਹਿਲੀਆਂ ਕਿਰਨਾਂ ਦੀ ਲਾਲੀ
ਪੰਛੀਆਂ ਦੀ ਚਹਿਕ
ਫੁੱਲਾਂ ਦੀ ਮਹਿਕ
ਮਨ ਨੂੰ ਸਕੂਨ ਦਿੰਦੀ
ਗੁਰੂਆਂ ਦੀ ਬਾਣੀ ਨਾਲ ਜੋੜਦੀ
ਕੰਨਾਂ 'ਚ ਰੱਬੀ ਰਸ ਘੋਲਦੀ
ਗੁਰੂ ਘਰੋਂ ਆਉੰਦੀ ਕੀਰਤਨ ਦੀ
ਅਦੁੱਤੀ ਇਲਾਹੀ ਬਾਣੀ ਦੀ ਲੋਅ
ਹਿਰਦੇ ਅੰਦਰ ਚਾਨਣ ਭਰਦੀ
ਅੰਦਰ ਦਿਲ ਦੇ
ਧੁਰ ਤਕ ਲਹਿੰਦੀ
ਕੰਨ 'ਚ ਆ ਅੱਲਾ ਹੂ ਕਹਿੰਦੀ
ਮਨ ਦੀ ਸਾਰੀ ਮੈਲ ਪੂੰਝਦੀ
ਮਸਜਿਦ ਵਿੱਚ ਆਜ਼ਾਨ ਗੂੰਜਦੀ
ਮਨ ਦੇ ਸਾਰੇ ਦੁੱਖ ਬਿਨਸਾਉਂਦੀ
ਤਨ ਦੇ ਸਾਰੇ ਕਸ਼ਟ ਮਿਟਾਉਂਦੀ
ਮੰਦਿਰ ਵਿੱਚ ਖੜਕਦੇ ਟੱਲਾਂ ਸੰਗ
ਅਧਿਆਤਮ ਦੇ ਭਰਦੀ ਰੰਗ
ਹਿਰਦੇ ਅੰਦਰ ਠੰਡ ਵਰਸਾਉਂਦੀ
ਕੰਜਕ ਕੋਈ ਜਦੋਂ ਸੁਣਾਉਂਦੀ
ਸ਼ਰਧਾ ਰਾਮ ਫਿਲੌਰੀ ਰਚਿਤ
ਆਰਤੀ !
ਪਰ ਹੁਣ ਤਾਂ ਇਹ ਸਭ
ਸੁਪਨਿਆਂ, ਖਿਆਲਾਂ
ਤਸੱਵਰਾਂ ਤੇ ਯਾਦਾਂ ਵਿੱਚ ਹੀ ਰਹਿ ਗਿਐ
ਜਦੋਂ ਦਾ ਪਿੰਡ ਛੱਡ ਕੇ ਰਮਤਾ ਸ਼ਹਿਰ ਆ ਗਿਐ
ਹਾਂ ! ਬਹੁਤ ਤਰੱਕੀ ਕਰ ਲਈ ਹੈ
ਐਸ਼ ਆਰਾਮ ਦੀ ਹਰ ਸ਼ੈਅ ਸੰਗ
ਲਾਲਸਾ ਵਾਲੀ ਝੋਲੀ ਭਰ ਲਈ ਹੈ
ਪੈਸਾ ਧੇਲਾ ਖੂਬ ਕਮਾਇਐ
ਸਿੱਕਾ ਯਾਰਾਂ ਖੂਬ ਜਮਾਇਐ
ਕੋਠੀ ਪਾ ਲਈ, ਗੱਡੀ ਲੈ ਲਈ
ਬੱਚੇ ਕਾਨਵੈਂਟਾਂ ਵਿੱਚ ਪੜ੍ਹਾ ਲਏ
ਉੱਚੇ ਸਮਰੱਥ ਘਰੀਂ ਵਿਆਹ ਲਏ
ਪਿੰਡੋਂ ਸ਼ਹਿਰ ' ਚ ਆਉਣ ਤੋਂ ਮਗਰੋਂ
ਜੋ ਚਾਹੀਦਾ ਸੀ, ਲਿਆ ਹੈ ਪਾ
ਹੋਇਆ ਕੀ ਜੇ ਮਨ ਦਾ ਯਾਰੋ
ਚੈਨ ਸਕੂਨ ਲਿਐ ਗਵਾ
ਰੋਜ਼ ਨਹੀਂ ਤਾਂ ਕਦੇ ਕਦਾਈਂ
ਇਹ ਵੀ ਨਹੀਂ ਕਿ ਸਾਲ ਛਿਮਾਹੀਂ
ਮਹੀਨੇ ਦੇ ਹਰ ਅੰਤਿਮ ਇਤਵਾਰ
ਸ਼ਹਿਰ ਦੇ ਹੈ ਜੋ ਬਾਹਰਵਾਰ
ਰੋਜ਼ ਗਾਰਡਨ,
ਆਪਾਂ ਓਥੇ ਜਾ ਆਈਦੈ
ਮਹਿਕ ਦੀ ਮਸਨੂਈ ਹੱਟ 'ਤੇ
ਸੱਜਣੋਂ ਫੇਰਾ ਪਾ ਆਈਦੈ
ਓਥੋਂ ਮੁੜਦੇ ਸ਼ਾਪਿੰਗ ਮਾਲ ਦੀ ਗੇੜੀ ਲਾ ਆਉਂਦੇ ਹਾਂ
ਮਲਟੀਪਲੈਕਸ ਵਿਚ ਲੱਗੀ
ਗਿੱਪੀ, ਅਕਸ਼ੇ ਦੀ ਕੋਈ ਨਵੀਂ
ਜਾਂ ਫਿਰ ਧਰਮਿੰਦਰ, ਜਤਿੰਦਰ ਦੀ ਪੁਰਾਣੀ ਫਿਲਮ
ਸ਼੍ਰੀਮਤੀ ਜੀ ਨਾਲ ਦੇਖ ਆਉਂਦੇ ਹਾਂ
ਮੁੜਦੇ ਹੋਏ ਮੰਜੀ ਸਾਹਿਬ ਮੱਥਾ ਟੇਕੀਦੈ,
ਲੰਗਰ ਛਕੀਦੈ
ਅਨੰਦ ਆ ਜਾਂਦੈ
ਦਿਲ ਟਿਕਾਉਣ ਦੇ
ਮਨ ਪਰਚਾਉਣ ਦੇ
ਸ਼ਹਿਰਾਂ ਵਿਚ ਹਨ ਕਿੰਨੇ ਸਾਧਨ
ਫੇਰ ਕੀ ਹੋਇਆ ਜੇਕਰ ਨਹੀਂ ਮਿਲਦਾ ਹੈ ਅਪਨਾਪਨ
ਸਭ ਕੁਝ ਹੈ, ਪਰ ਪਿੰਡਾਂ ਵਾਲੀ
ਮੌਜ ਨਹੀਂ ਹੈ
ਪਹੁ ਫੁਟਾਲੇ ਤੋਂ ਸ਼ਾਮਾਂ ਤੀਕ
ਪੀਂਦੀਆਂ ਸੀ ਅੱਖੀਆਂ ਡੀਕੋ ਡੀਕ
ਸੂਰਜ ਦੀ ਲਾਲੀ ਦਾ ਜਲਵਾ ਜਲੌਅ ਨਹੀਂ ਹੈ
ਉਹ ਹੀ ਤਾਂ ਹੁਣ ਮਿਲਦਾ
ਦਿਲ ਦਾ ਅਸਲ ਸਕੂਨ ਨਹੀਂ ਹੈ !!