ਗ਼ਜ਼ਲ / ਅਸ਼ਵਨੀ ਜੇਤਲੀ .

 


ਸਫ਼ਰ ਔਝੜ ਸੀ ਭਾਵੇਂ ਥੱਕ ਕੇ ਫਿਰ ਵੀ ਚੂਰ ਨਹੀਂ ਹੋਇਆ

ਮੈਂ ਚਲਦਾ ਹੀ ਰਿਹਾਂ, ਰੁਕਣਾ ਕਦੇ ਮਨਜ਼ੂਰ ਨਹੀਂ ਹੋਇਆ


ਮੇਰੇ ਪੈਰਾਂ ਦੇ ਛਾਲੇ ਤੱਕ ਕੇ ਰਾਹਾਂ ਨੇ ਵੀ ਮਾਰੀ ਧਾਹ

ਮੰਜ਼ਿਲ ਵੱਲ ਰਿਹਾ ਵੱਧਦਾ ਇਹ ਦਿਲ ਮਜਬੂਰ ਨਹੀਂ ਹੋਇਆ


ਹਨੇਰੇ ਤਾਂ ਬੜੇ ਕੀਤੇ ਜ਼ਮਾਨੇ ਨੇ ਮਗਰ ਯਾਰੋ

ਸਾਡਾ ਵੀ ਹੌਸਲਾ ਜ਼ਿੱਦੀ ਸੀ, ਜੋ ਬੇਨੂਰ ਨਹੀਂ ਹੋਇਆ


ਦੁੱਖ-ਦਰਦਾਂ, ਗ਼ਮਾਂ ਨੇ ਤੋੜਣ ਦਾ, ਬੜਾ ਕੀਤਾ ਯਤਨ ਐਪਰ

ਨਾ ਟੁੱਟਿਆ ਹਾਂ ਨਾ ਝੁਕਿਆ, ਫੇਰ ਵੀ ਮਗ਼ਰੂਰ ਨਹੀਂ ਹੋਇਆ


ਸੀ ਐਨੀ ਹੀ ਖ਼ਤਾ ਮੇਰੀ ਕਿ ਉਸਨੂੰ ਪਿਆਰ ਕਰ ਬੈਠਾ

ਕਿ ਜਿਸਨੂੰ ਇਸ਼ਕ ਸੱਚਾ ਵੀ ਮੇਰਾ ਮਨਜ਼ੂਰ ਨਹੀਂ ਹੋਇਆ