ਕਵਿਤਾ / ਉਡੀਕ / ਅਸ਼ਵਨੀ ਜੇਤਲੀ .
ਦਿਨ ਭਰ ਰਹਿੰਦੀ ਹੈ ਉਡੀਕ
ਦਿਲ ਨੂੰ
ਉਸ ਖ਼ਤ ਦੀ
ਜੋ ਉਸਨੇ ਕਦੇ ਨਹੀਂ ਪਾਉਣਾ
ਜੇ ਪਾ ਵੀ ਦਿੱਤਾ
ਆ ਵੀ ਗਿਆ ਤਾਂ
ਬੇਅੱਖਰਾ ਬੇਇਬਾਰਤਾ
ਕੋਰਾ ਖਾਲੀ ਹੀ ਆਉਣਾ
ਪਰ ਫੇਰ ਵੀ ਇਸੇ ਉਡੀਕ ਵਿਚ ਅੱਖਾਂ
ਰਹਿੰਦੀਆਂ ਹਨ ਅਟਕੀਆਂ
ਦਰਾਂ ਵੱਲ
ਰਾਤ ਭਰ ਅੱਖਾਂ ਨੂੰ ਰਹਿੰਦੀ ਹੈ ਉਡੀਕ
ਉਸਦੇ ਸੁਪਨੇ ਦੀ
ਜੋ ਸ਼ਾਇਦ
ਕਦੇ ਨਹੀਂ ਆਉਣਾ
ਜੇ ਆ ਵੀ ਗਿਆ ਤਾਂ
ਬੇਤਰਤੀਬਾ ਬੇਰੰਗਾ ਜਿਹਾ ਹੀ ਆਉਣਾ
ਜਿਸਦੀ ਕੋਈ ਤਾਬੀਰ ਨਹੀਂ ਹੋਣੀ
ਪਰ ਫੇਰ ਵੀ ਦਿਲ ਨੂੰ
ਰਹਿੰਦੀ ਹੈ
ਸਬੂਰੀ ਜਿਹੀ, ਅਧੂਰੀ ਜਿਹੀ ਆਸ, ਧਰਵਾਸ
ਦਿਲ ਮਚਲਦਾ ਰਹਿੰਦੈ
ਉਸ ਕਦੇ ਨਾ ਆਉਣ ਵਾਲੇ ਸੁਪਨੇ ਲਈ
ਹਰ ਸ਼ਾਮ
ਟਹਿਲਕਦਮੀ ਕਰਦਿਆਂ
ਉਡੀਕ ਰਹਿੰਦੀ ਹੈ ਉਸਦੇ
ਕਦਮਾਂ ਦੀ ਆਹਟ ਦੀ
ਕਿ ਸ਼ਾਇਦ ਕਿਤੇ ਆ ਕੇ
ਹਮਕਦਮ ਹੋ ਜਾਵੇ
ਹੱਥਾਂ ਨੂੰ ਰਹਿੰਦੀ ਹੈ
ਲਾਲਸਾ ਵਿਚ ਲਿਪਟੀ ਉਮੀਦ
ਉਸਦੀ ਹੱਥਘੁੱਟਣੀ ਦੀ
ਪਰ
ਖਾਲੀ ਰਹਿੰਦੇ ਹਨ ਹੱਥ
ਬੇ-ਆਸ ਭਟਕਦੇ ਨੇ ਕਦਮ
ਤੋੜ ਵਿਛੋੜਾ ਕਰ ਗਏ ਨੇ ਜੋ
ਉਹਨਾਂ ਹੁਣ ਕੀ ਮੁੜਣਾ
ਨਾ ਹੀ ਕੋਈ ਖ਼ਤ ਆਉਣਾ ਏਂ
ਨਾ ਉਹਨਾਂ ਦਾ ਸੁਪਣਾ
ਨਾ ਉਹਨਾਂ ਹਮਕਦਮ ਆ ਹੋਣਾ
ਨਾ ਆ ਕੇ ਹੱਥ ਘੁੱਟਣਾ
ਪਰ ਫੇਰ ਵੀ
ਉਡੀਕ ਤਾਂ ਰਹਿੰਦੀ ਹੀ ਹੈ...!
ਉਡੀਕ ਤਾਂ ਰਹਿਣੀ ਹੀ ਹੈ...!!