ਗ਼ਜ਼ਲ /ਅਸ਼ਵਨੀ ਜੇਤਲੀ .
ਗ਼ਜ਼ਲ / ਅਸ਼ਵਨੀ ਜੇਤਲੀ
ਨਜ਼ਰ ਬਚਾ ਕੇ ਕੋਲੋਂ ਮੇਰੇ ਚੁੱਪ ਕਰਕੇ ਨਾ ਲੰਘਿਆ ਕਰ
ਮੈਂ ਰੰਗ ਤੇਰੇ ਰੰਗਿਆ ਹੋਇਆਂ ਐਵੇਂ ਤੂੰ ਨਾ ਸੰਗਿਆ ਕਰ
ਲਹਿਰਾਉਂਦੀ ਤੇਰੀ ਜ਼ੁਲਫ਼ ਖਿਲਾਰੇ ਮਹਿਕਾਂ ਅੜੀਏ
ਫੁੱਲਾਂ ਤੋਂ ਵੱਧ ਜ਼ੁਲਫ਼ ਮਹਿਕਦੀ, ਜੂੜੇ ਫੁੱਲ ਨਾ ਟੰਗਿਆ ਕਰ
ਸਿਰ ਝੁਕਾਵੇਂ ਸਿਜਦੇ ਵਿਚ ਜਦ, ਮੇਰੇ ਵਾਂਗੂੰ ਤੂੰ ਵੀ ਫਿਰ
ਦੁਆ ਅਮਨ ਦੀ ਮੰਗਿਆ ਕਰ, ਕੋਈ ਹੋਰ ਦੁਆ ਨਾ ਮੰਗਿਆ ਕਰ
ਬੰਸਰੀ ਦਾ ਸ਼ੌਕੀਨ ਜੇ ਨੀਰੋ, ਦੱਸ ਓਹਦਾ ਹੈ ਦੋਸ਼ ਵੀ ਕੀ
ਅੱਗ ਲੱਗੀ ਜੇ ਸ਼ਹਿਰ ਨੂੰ ਫਿਰ ਕੀ, ਰਾਜੇ ਨੂੰ ਨਾ ਭੰਡਿਆ ਕਰ
ਬਸਤੀ ਦੇ ਵਿਚ ਆਇਆ ਬਿੱਛੂ, ਬੰਦੇ ਨੂੰ ਸਮਝਾਵੇ ਹੁਣ
ਬੰਦਾ ਬਣ ਜਾ ਬੰਦਿਆ ਓਏ ਤੂੰ, ਬੰਦਿਆਂ ਨੂੰ ਨਾ ਡੰਗਿਆ ਕਰ