ਕਵਿਤਾ /ਸਭ ਤੋਂ ਮਹਿੰਗੀ ਮੁਸਕਰਾਹਟ / ਸਿਧਾਰਥ .

"ਦੁਨੀਆਂ ਦੀ ਸੱਭ ਤੋਂ ਮਹਿੰਗੀ ਮੁਸਕਾਨ ਦੇ ਬਦਲੇ,

ਮੈਂ ਪੰਜ ਰੁਪਈਏ ਦੇ ਕੇ ਆਇਆ ਹਾਂ..."


ਅਕਸਰ ਬਜ਼ਾਰਾਂ ਚ ਕੁੱਝ ਕੁ ਲੋਕ ਮਿਲਦੇ ਆ,

ਪਾਟੀਆਂ ਕਮੀਜਾਂ ਵਾਲੇ ਮੰਗਤੇ ਫਿਰਦੇ ਆ।।

ਕੋਈ ਝੋਲੀ ਆਟਾ ਪਾਜੇ ਕੋਈ ਗਾਲਾਂ ਸੁਣਾਜੇ,

ਪਰ ਬੁਰਾ ਨੀ ਮੰਨਦੇ ਹੁੰਦੇ ਚੰਗੇ ਦਿਲ ਦੇ ਆ।।।

ਪਰ ਮੈਨੂੰ ਜੋ ਸੀ ਮਿਲਿਆ ਓਦੀ ਗੱਲ ਹੀ ਹੋਰ ਸੀ,

ਪੰਜ ਛੇ ਸਾਲ ਉਮਰ ਬਚਪਨੇ ਦਾ ਪੂਰਾ ਜ਼ੋਰ ਸੀ।।

ਓਹ ਮੇਰੇ ਵੱਲ ਆਈ ਕੁੱਝ ਨਾ ਬੋਲੀ ਮੰਦ ਮੁਸਕਾਈ,

ਹੱਕ ਨਾਲ ਹਥੇਲ਼ ਅੱਗੇ ਕੀਤੀ ਜਿਵੇਂ ਮੈਂ ਓਦੇ ਲਈ ਹੀ ਆਇਆ ਹਾਂ...

"ਦੁਨੀਆਂ ਦੀ ਸੱਭ ਤੋਂ ਮਹਿੰਗੀ ਮੁਸਕਾਨ ਦੇ ਬਦਲੇ,

ਮੈਂ ਪੰਜ ਰੁਪਈਆ ਦੇ ਕੇ ਆਇਆ ਹਾਂ..."


ਓਦੀ ਅੱਖਾਂ ਬਿਨ ਸੁਰਮੇ ਦੇ ਲਿਸ਼ਕੋਰ ਮਾਰਦੀ ਸੀ,

ਓਦਾ ਵਤੀਰਾ ਜਿਵੇਂ ਕਿ ਉਹ ਮੈਨੂੰ ਮੁੱਢ ਤੋਂ ਜਾਣਦੀ ਸੀ।।

ਓਹ ਹਿੰਦੂ ਸੀ ਜਾਂ ਮੁਸਲਮ, ਸਿੱਖ ,ਇਸਾਈ ਪਤਾ ਨਹੀਂ,

ਪਰ ਚੁੰਨੀ ਸਿਰ ਤੇ ਰੱਖਣਾ ਓਦੇ ਲਈ ਗੱਲ ਸ਼ਾਨ ਦੀ ਸੀ।।

ਮੈਂ ਕਦੇ ਵੀ ਐਸੇ ਬਚਿੱਆਂ ਨੂੰ ਪੈਸੇ ਦੇ ਕੇ ਨਹੀਂ ਸੀ ਰਾਜੀ,

ਓਨਾ ਦਾ ਬਚਪਣ ਖੋਹਣ ਨਾਲੋਂ ਚੰਗਾ ਦੇਦੋ ਰੋਟੀ ਤਾਜੀ।।

ਪਰ ਓਦੀ ਆਸਵੰਦ ਅੱਖਾਂ ਮੂਹਰੇ ਅਸੂਲਾਂ ਦੀ ਇੱਕ ਨਾ ਚੱਲੀ,

ਜੇਬ ਚ ਹੱਥ ਪਾਇਆ ਤਾਂ ਸਿਰਫ ਇੱਕ ਸਿੱਕਾ ਕਿ ਬਾਕੀ ਪੈਸੇ ਤਾਂ ਮੈਂ ਖਰਚ ਕਰ ਆਇਆ ਹਾਂ,

"ਦੁਨੀਆਂ ਦੀ ਸੱਭ ਤੋਂ ਮਹਿੰਗੀ ਮੁਸਕਾਨ ਦੇ ਬਦਲੇ,

ਮੈਂ ਪੰਜ ਰੁਪਈਆ ਦੇ ਕੇ ਆਇਆ ਹਾਂ..."


ਇੰਨੇ ਨਾਲ ਕੀ ਸੀ ਬਣ ਜਾਣਾ ,

ਪਰ ਓਹ ਤਾਂ ਹੱਸਦੀ ਹੱਸਦੀ ਚਲੀ ਗਈ।।

ਓਦੇ ਪੈਰਾਂ ਤੋਂ ਪੈਂਦਾ ਇੱਕ ਇੱਕ ਟੱਪਾ,

ਦੱਸਦਾ ਸੀ ਕਿ ਇੰਨੀ ਖੁਸ਼ ਓਹ ਕਦੇ ਰਹੀ ਨਈ।।

ਇਹ ਕਮਾਲ ਓਸ ਪੰਜ ਰੁਪਈਏ ਦਾ ਸੀ ਜਾਂ ਆਸ ਪੂਰੀ ਹੋਣ ਦਾ,

ਜਾਂ ਫਿਰ ਫੈਸਲਾ ਜਿੱਤ ਗਿਆ ਓਦਾ ਸਿਧਾਰਥ ਕੋਲ ਖਲੋਣ ਦਾ।।

ਸ਼ਾਇਦ ਸਾਰੀ ਉਮਰ ਇਹ ਘਟਨਾ ਮੇਰੇ ਨਾਲ ਰੋਜ਼ ਹੋਵੇਗੀ,

ਤੇ ਮੈਂ ਰੋਜ਼ ਆਖਾਂਗਾ ਕਿ ਅੱਜ ਮੈਂ ਕੀ ਦੇਖ ਕੇ ਆਇਆ ਹਾਂ।।

"ਦੁਨੀਆਂ ਦੀ ਸੱਭ ਤੋਂ ਮਹਿੰਗੀ ਮੁਸਕਾਨ ਦੇ ਬਦਲੇ,

ਮੈਂ ਪੰਜ ਰੁਪਈਆ ਦੇ ਕੇ ਆਇਆ ਹਾਂ..."

                                               -ਸਿਧਾਰਥ

                                                10-09-2020