ਗ਼ਜ਼ਲ / ਅਸ਼ਵਨੀ ਜੇਤਲੀ .

ਗ਼ਜ਼ਲ / ਅਸ਼ਵਨੀ ਜੇਤਲੀ


ਸਾਰਾ ਸ਼ਹਿਰ ਹੈ ਜਗਮਗ ਕਰਦਾ, ਸਾਡੇ ਵਿਹੜੇ ਨੇਰ੍ਹਾ ਕਿਉਂ

ਏਧਰ ਪੱਸਰੀ ਰਾਤ ਦੀ ਕਾਲਖ, �"ਧਰ ਸੋਨ-ਸਵੇਰਾ, ਕਿਉਂ


ਕਾਣੀ ਵੰਡ ਦਾ ਠੇਕਾ ਅੱਜਕਲ੍ਹ, ਮੁਨਸਿਫ਼ ਨੇ ਹੀ ਲੈ ਲਿਆ ਏ

ਖ਼ਵਰੇ ਪੱਖ ਅਮੀਰਾਂ ਦਾ ਹੀ, ਕਰਦੈ ਰਾਜਾ ਮੇਰਾ ਕਿਉਂ


ਲੁੱਟ ਕੇ ਧੰਨ ਗਰੀਬਾਂ ਦਾ ਜੋ, ਕੁੱਝ ਵੱਡਿਆਂ ਨੂੰ ਵੰਡ ਰਿਹੈ

ਭਗਤਾਂ ਨੂੰ ਇਹ ਲੱਗੀ ਜਾਵੇ, ਦਾਨੀ ਸੰਤ, ਲੁਟੇਰਾ ਕਿਉਂ


ਹਮਸਫ਼ਰ ਛੱਡ ਤੁਰੇ ਤਾਂ ਮੁੱਕਿਆ ਚਾਅ ਸਫ਼ਰ ਦਾ, ਪਰ

ਹੁੰਦਾ ਜਾਵੇ ਕਦਮ ਕਦਮ ਦਰ ਖੌਰੇ ਪੰਧ ਲੰਮੇਰਾ ਕਿਉਂ


ਅੱਖਾਂ ਵਿਚ ਕਿਉਂ ਆ ਧਮਕਦੇ, ਖ਼ਾਬ ਜੋ ਪੂਰੇ ਹੋਣੇ ਨਾ

ਟੁੱਟਣ ਵਾਲੇ ਖ਼ਾਬਾਂ ਸਾਡੀ ਅੱਖ ਵਿਚ ਲਾ ਲਿਐ ਡੇਰਾ ਕਿਉਂ


ਹੱਕਾਂ ਲਈ ਆਵਾਜ਼ ਉਠਾਈ, ਕੋਤਵਾਲ ਦਹਾੜੇ ਹੁਣ

ਆ ਮੈਂ ਤੇਰੀ ਜੀਭ ਦਿਆਂ ਟੁੱਕ, ਪਾਇਐ ਸ਼ੋਰ ਸੁਮੇਰਾ ਕਿਉਂ


ਡਰ ਹਾਕਮ ਦੇ ਡੰਡੇ ਕੋਲੋਂ, ਬਿਨ ਆਈ ਮਰ ਜਾਵੀਂ ਨਾ

ਸ਼ੋਅਲਿਆਂ ਵਰਗੇ ਸ਼ੇਅਰਾਂ ਦਾ, ਜਾਵੇਂ ਪਾਈ ਖਲੇਰਾ ਕਿਉਂ