ਕਾਹਨ ਸਿੰਘ ਪੰਨੂੰ ਵੱਲੋਂ ਫਸਲੀ ਵਿਭਿੰਨਤਾ ਤਹਿਤ ਬਲਾਕ ਮਾਛੀਵਾੜਾ ਦੇ ਖੇਤਾਂ ਦਾ ਦੌਰਾ.

-ਕਿਸਾਨਾਂ ਨੂੰ ਨਵੀਨਤਮ ਤਕਨੀਕਾਂ ਅਪਣਾਉਣ ਅਤੇ ਪਾਣੀ ਬਚਾਉਣ ਦਾ ਸੱਦਾ
-ਕਿਸਾਨ ਖੇਤੀ ਮਸ਼ੀਨਰੀ 'ਤੇ ਸਬਸਿਡੀ ਲੈਣ ਲਈ 31 ਜੁਲਾਈ ਤੱਕ ਅਰਜੀਆਂ ਦੇਣ-ਮੁੱਖ ਖੇਤੀਬਾੜੀ ਅਫ਼ਸਰ
 ਪਰਵੀਨ ਸ਼ਰਮਾ/ਲਲਿਤ ਬੇਰੀ
ਮਾਛੀਵਾੜਾ ਸਾਹਿਬ/ਲੁਧਿਆਣਾ, 28 ਜੁਲਾਈ -ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਸ੍ਰ. ਕਾਹਨ ਸਿੰਘ ਪੰਨੂ ਵੱਲੋਂ ਬਲਾਕ ਮਾਛੀਵਾੜਾ ਸਾਹਿਬ ਵਿਖੇ ਸਿੱਧੀ ਬਿਜਾਈ, ਵੱਟਾਂ ਵਾਲੇ ਝੋਨੇ ਅਤੇ ਮੱਕੀ ਦੀ ਫਸਲ ਦੇਖਣ ਲਈ ਬਹਿਲੋਲਪੁਰ, ਮੁਸ਼ਕਾਬਾਦ, ਪਵਾਤ, ਸਹਿਜੋ ਮਾਜਰਾ ਆਦਿ ਪਿੰਡਾਂ ਵਿੱਚ ਖੇਤਾਂ ਦਾ ਨਿਰੀਖਣ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੁਆਰਾ ਕਿਸਾਨਾਂ ਦੇ ਖੇਤਾਂ ਤੱਕ ਨਵੀਨਤਮ ਤਕਨੀਕਾਂ ਪਹੁੰਚਾਉਣ ਸਦਕਾ ਹੀ ਇਹਨਾਂ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ।ਇਸ ਮੌਕੇ ਬਹਿਲੋਲਪੁਰ ਦੇ ਕਿਸਾਨ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਖੇਤਾਂ ਵਿੱਚ 4 ਏਕੜ ਰਕਬੇ 'ਤੇ ਨਵੀਂ ਤਕਨੀਕ ਰਾਹੀਂ ਵੱਟਾਂ 'ਤੇ ਝੋਨਾ ਲਾਇਆ ਹੈ ਅਤੇ 4 ਏਕੜ ਉੱਤੇ ਸਿੱਧੀ ਬਿਜਾਈ ਨਾਲ ਝੋਨਾ ਬੀਜਿਆ ਹੈ ਅਤੇ ਪਿਛਲੇ ਸਾਲ ਵੀ ਇਸ ਤਕਨੀਕ ਨਾਲ ਝੋਨਾ ਬੀਜਿਆ ਸੀ, ਜਿਸ ਦੇ ਕਾਫੀ ਵਧੀਆ ਨਤੀਜੇ ਨਿਕਲੇ ਹਨ।
ਉਹਨਾਂ ਨੇ ਕਿਹਾ ਕਿ ਵੱਟਾਂ 'ਤੇ ਲਾਏ ਝੋਨੇ ਨਾਲ ਪਾਣੀ ਦੀ ਕਾਫੀ ਬੱਚਤ ਹੋਈ ਹੈ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੁੰਦਾ ਹੈ।ਇਸ ਤੋਂ ਇਲਾਵਾ ਕਿਸਾਨ ਭਾਗ ਸਿੰਘ ਮੁਸ਼ਕਾਬਾਦ ਵੱਲੋਂ 25 ਏਕੜ, ਜੋਗਿੰਦਰ ਸਿੰਘ ਸੇਂਹ ਵੱਲੋਂ ਸਹਿਜੋ ਮਾਜਰਾ ਵਿੱਚ 15 ਏਕੜ, ਪਰਮਿੰਦਰ ਸਿੰਘ ਗਿੱਲ ਵੱਲੋਂ 5 ਏਕੜ 'ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।
ਇਸ ਮੌਕੇ ਸ੍ਰ. ਕਾਹਨ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਫਸਲੀ ਵਿਭਿੰਨਤਾ ਸਕੀਮ ਤਹਿਤ 90 ਰੁਪਏ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਬੀਜਣ ਦੀ ਅਪੀਲ ਵੀ ਕੀਤੀ।ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਬਲਦੇਵ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ 31 ਜੁਲਾਈ ਤੱਕ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀਆਂ ਅਰਜੀਆਂ ਲਈਆਂ ਜਾਣਗੀਆਂ।ਇਸ ਦੌਰਾਨ ਆਲੂ ਉਤਪਾਦਕਾਂ ਨੇ ਵੀ ਸ੍ਰ. ਪੰਨੂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਆਲੂਆਂ ਨੂੰ ਵੀ ਬੀਜ ਸਰਟੀਫਿਕੇਸ਼ਨ ਵਿੱਚ ਸ਼ਾਮਿਲ ਕੀਤਾ ਜਾਵੇ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਬਲਵਿੰਦਰ ਸਿੰਘ ਬੁਟਾਹਰੀ, ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਗਗਨਦੀਪ ਸਿੰਘ, ਡਾ. ਰਿਤੀਕਾ ਰਾਣੀ, ਖੇਤੀਬਾੜੀ ਇੰਸਪੈਕਟਰ ਚਮਕੌਰ ਸਿੰਘ ਘਣਗਸ, ਪੀ. ਏ. ਯੂ. ਲੁਧਿਆਣਾ ਤੋਂ ਡਾ. ਐਮ ਐੱਸ ਭੁੱਲਰ, ਡਾ. ਜਸਵੀਰ ਸਿੰਘ, ਕਿਸਾਨ ਪਰਮਜੀਤ ਸਿੰਘ ਪਵਾਤ, ਬਲਵਿੰਦਰ ਸਿੰਘ ਰਾਣਵਾਂ, ਜਤਿੰਦਰ ਸਿੰਘ ਨਾਗਰਾ, ਰੁਪਿੰਦਰ ਸਿੰਘ ਚਹਿਲਾਂ ਆਦਿ ਹਾਜ਼ਰ ਸਨ।