A Punjabi Ghazal Written By Poet/Journalist Ashvani Jaitly.

ਗ਼ਜ਼ਲ / ਅਸ਼ਵਨੀ ਜੇਤਲੀ


ਮੋਹ ਦੀਆਂ ਤੰਦਾਂ ਤੋੜ ਕੇ ਉਸਨੇ ਸਾਥ ਜਦੋਂ ਦਾ ਛੱਡ ਦਿੱਤਾ 

ਉਸ ਦਿਨ ਤੋਂ ਪ੍ਰਛਾਵਿਆਂ ਪਿੱਛੇ, ਅਸਾਂ ਵੀ ਭੱਜਣਾ ਛੱਡ ਦਿੱਤਾ

 

ਉਸਨੇ ਪੁੱਛਿਆ ਹਾਲੇ ਵੀ ਕੀ ਮੇਰੇ ਉਪਰ ਮਰਦੈਂ ਤੂੰ 

ਹੱਸ ਕੇ ਕਿਹਾ ਮੈਂ, ਨਾ ਜੀ ਨਾ, ਹੁਣ ਮਰਨਾ ਮੁਰਨਾ ਛੱਡ ਦਿੱਤਾ


ਯਾਦ ਤੇਰੀ ਜੋ ਹਰ ਪਲ ਐਵੇਂ ਖਾਹਮਖਾਹ ਸਤਾਉੰਦੀ ਸੀ

ਸਾੜ ਕੇ ਸਾਰੇ ਖ਼ਤ ਤੇਰੇ ਹੁਣ ਫਸਤਾ ਉਸਦਾ ਵੱਢ ਦਿੱਤਾ


ਉਠਦੇ-ਬਹਿੰਦੇ, ਨਾਮ ਤਿਰਾ, ਜੋ ਮਨ ਵਿੱਚ ਖੌਰੂ ਪਾਉਂਦਾ ਸੀ

ਚੰਚਲ ਮਨ 'ਚੋਂ ਖਿਆਲ ਵੀ ਉਸਦਾ, ਯਾਰਾਂ ਨੇ ਹੁਣ ਕੱਢ ਦਿੱਤਾ


ਇਸ਼ਕ ਅਸਾਡੇ ਹੱਡੀਂ ਰਚਿਐ, ਲੱਖ ਯਤਨੀਂ ਨਾ ਨਿਕਲੇ ਹੁਣ

ਯਾਰ ਮਨਾਵਣ ਖਾਤਰ ਯਾਰੋ, ਮਾਸ ਵੀ ਦਿੱਤਾ, ਹੱਡ ਦਿੱਤਾ


ਖ਼ੁਆਬਾਂ ਵਿੱਚ ਉਹ ਰਹੇ ਹਮੇਸ਼ਾ, ਇਹੋ ਸੀ ਇੱਕ ਖ਼ੁਆਬ ਮਿਰਾ 

ਪਰ ਹਕੀਕਤ ਇਹ ਹੈ ਉਸ ਨੇ ਖ਼ਾਬ 'ਚ ਆਉਣਾ ਛੱਡ ਦਿੱਤਾ


ਮਿਟਾ ਦਿੱਤਾ ਹੈ ਮੇਰੇ ਨਾਂਅ ਦਾ ਹਰ ਅੱਖਰ ਓਹਨੇ ਦਿਲ 'ਚੋਂ

ਤੇ ਮੈਂ ਵੀ ਨਾਮ ਉਸਦਾ ਦਿਲ ਦੇ ਹਰ ਕੋਨੇ ਚੋਂ ਕੱਢ ਦਿੱਤਾ


ਉਸਦੇ ਸਾਹਾਂ ਦੀ ਖ਼ੁਸ਼ਬੋਈ ਅਜੇ ਵੀ ਮਨ ਨਸ਼ਿਆਉੰਦੀ ਹੈ

ਅੱਲਾ ਨੇ ਜਿਸ ਸ਼ਖ਼ਸ ਨੂੰ ਮੈਥੋੰ, ਸਦਾ ਲਈ ਕਰ ਅੱਡ ਦਿੱਤਾ