ਡਾ. ਹਰਕੰਵਲ ਕੋਰਪਾਲ ਦੁਆਰਾ ਸੰਪਾਦਿਤ ਤੇ ਲਿਪੀਅੰਤਰ 'ਦੀਵਾਨ-ਏ-ਕਾਦਰੀ' ਲੋਕ ਅਰਪਣ.

'ਦੀਵਾਨ-ਏ-ਕਾਦਰੀ' ਲੋਕ ਅਰਪਣ

ਲੁਧਿਆਣਾ, 7 ਅਪ੍ਰੈਲ (ਵਾਸੂ)- ਅੱਜ ਇੱਥੇ ਮਹਾਰਾਜ ਨਗਰ ਵਿਖੇ ਇਕ ਸੰਖੇਪ ਪੁਸਤਕ ਵਿਮੋਚਨ ਸਮਾਗਮ ਦੌਰਾਨ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੇ ਮਕਬੂਲ ਸੂਫ਼ੀ ਸ਼ਾਇਰ ਹਜ਼ਰਤ ਖਵਾਜਾ ਮੁਹੀਉੱਦੀਨ ਖ਼ਾਨ ਕਾਦਰੀ ਰਚਿਤ 'ਦੀਵਾਨ-ਏ-ਕਾਦਰੀ' ਨੂੰ ਲੋਕ ਅਰਪਿਤ ਕੀਤਾ ਗਿਆ। ਉਰਦੂ ਤੋਂ ਪੰਜਾਬੀ ਵਿਚ ਇਸ ਕਲਾਮ ਦੀ ਸੰਪਾਦਨਾ ਅਤੇ ਲਿਪੀਅੰਤਰ ਪਰਵਾਸੀ ਪੰਜਾਬੀ ਲੇਖਕ ਡਾ. ਹਰਕੰਵਲ ਕੋਰਪਾਲ ਨੇ ਕੀਤਾ ਹੈ। ਐੱਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ ਵੱਲੋਂ ਪ੍ਰਕਾਸ਼ਿਤ 'ਦੀਵਾਨ-ਏ-ਕਾਦਰੀ' ਦੇ ਵਿਮੋਚਨ ਸਮੇਂ ਬੋਲਦਿਆਂ ਉੱਘੇ ਸ਼ਾਇਰ ਅਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਕਿਹਾ ਕਿ ਮਾਰਿਫ਼ਤ ਦੇ ਰੰਗ ਵਾਲੀ ਇਸ ਕਲਾਸਿਕੀ ਰਚਨਾ ਦਾ ਸੰਪਾਦਨ ਅਤੇ ਲਿਪੀਅੰਤਰ ਕਰ ਕੇ ਡਾ. ਕੋਰਪਾਲ ਨੇ ਪੰਜਾਬੀ ਪਾਠਕਾਂ ਨੂੰ ਇਕ ਅਨੋਖਾ ਤੋਹਫਾ ਦਿੱਤਾ ਹੈ। ਪੰਜਾਬੀ ਦੇ ਰਹੱਸਵਾਦੀ ਕਵੀ ਪਰਮਜੀਤ ਸੋਹਲ ਨੇ ਕਿਹਾ ਕਿ ਇਹ ਰਚਨਾ ਸਾਹਿਤਕ ਪਾਠ ਤੋਂ ਕਿਤੇ ਵੱਧ  ਸਤਿ ਦੇ ਅਭਿਲਾਖੀਆਂ ਨੂੰ ਆਪੇ ਦੀ ਪਛਾਣ ਕਰਾਉਣ ਵਾਲੀ ਰਚਨਾ ਹੈ।  ਸੀਨੀਅਰ ਪੰਜਾਬੀ ਪੱਤਰਕਾਰ ਅਤੇ ਸ਼ਾਇਰ  ਅਸ਼ਵਨੀ ਜੇਤਲੀ ਨੇ ਕਿਹਾ ਕਿ ਡਾ.ਕੋਰਪਾਲ ਵੱਲੋਂ ਸੰਪਾਦਿਤ  'ਦੀਵਾਨ-ਏ-ਕਾਦਰੀ' ਪਾਠਕਾਂ ਨੂੰ ਰੂਹਾਨੀ ਆਨੰਦ ਦੇ ਮਾਨਸਰੋਵਰ ਵੱਲ ਲਿਜਾਣ ਵਾਲੀ ਰਚਨਾ ਹੈ ਜਿਸ ਵਿਚ ਸੂਫ਼ੀ ਦਰਸ਼ਨ ਦੀ ਤਤਸਾਰਤਾ ਸਮਾਈ ਹੋਈ ਹੈ। ਡਾ. ਹਰਕੰਵਲ ਕੋਰਪਾਲ ਨੇ ਇਸ ਮੌਕੇ ਸੰਪਾਦਨਾ ਅਤੇ ਲਿਪੀਅੰਤਰ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ 19ਵੀਂ ਸਦੀ ਦੇ ਅਜ਼ੀਮ ਸੂਫੀ ਸੰਤ ਹਜ਼ਰਤ ਖ਼ਵਾਜਾ ਮੁਹੀਉੱਦੀਨ ਖਾਨ ਕਾਦਰੀ ਦੁਆਰਾ ਰਚਿਤ ਇਸ ਕਲਾਮ ਦੇ ਹੁਣ ਤੀਕ ਉਰਦੂ ਵਿੱਚ 15 ਸੰਸਕਰਣ ਛਪ ਚੁੱਕੇ ਹਨ ਅਤੇ ਇਸ ਨੂੰ ਪੰਜਾਬੀ ਪਾਠਕਾਂ ਤੀਕ ਪਹੁੰਚਾਉਣ ਲਈ ਮੈਂ ਆਪਣਾ ਕਰਤੱਵ ਸਮਝਦਿਆਂ ਇਸ ਕਾਰਜ ਨੂੰ ਕਰਦੇ ਸਮੇਂ ਜੋ ਵਿਸਮਾਦਿਕ ਖੇੜੇ ਦਾ ਅਨੁਭਵ ਕੀਤਾ, ਉਮੀਦ ਹੈ ਕਿ ਪਾਠਕ ਵੀ ਇਸ ਰਚਨਾ ਨੂੰ ਪੜ੍ਹਦਿਆਂ ਅਜਿਹੇ ਅਹਿਸਾਸ ਵਿਚੋਂ ਗੁਜ਼ਰਨਗੇ। ਇਸ ਮੌਕੇ 'ਤੇ ਪੰਜਾਬੀ ਨਾਵਲਕਾਰ ਦੇਵਿੰਦਰ ਸੇਖਾ, ਪੰਜਾਬੀ ਲੋਕ ਗਾਇਕ ਤਰਸੇਮ ਦੀਵਾਨਾ, ਸੂਫ਼ੀ ਸੰਤ ਬਾਬਾ ਮੇਸ਼ੀ ਸ਼ਾਹ ਚਿਸ਼ਤੀ ਬਟਾਲਾ  ਸ਼ਰੀਫ਼, ਗੀਤਾ ਕਾਦਰੀ,  ਗੁਰਮੀਨ ਸ਼ਰਮਾ, ਜੈ ਕਰਣ ਕੋਰਪਾਲ ਮੁਨੀਸ਼ ਕੌਸ਼ਲ ਆਦਿ ਵੀ ਹਾਜ਼ਰ ਸਨ।