"ਚੰਨ ਪ੍ਰਦੇਸੀ" ਨਵੇਂ ਕਲੇਵਰ 'ਚ 27 ਮਈ ਨੂੰ ਹੋਵੇਗੀ ਰਿਲੀਜ਼ : ਡਾ. ਚੰਨਣ ਸਿੰਘ ਸਿੱਧੂ , ਬਲਦੇਵ ਗਿੱਲ .

*ਅਸ਼ਵਨੀ ਜੇਤਲੀ*

ਲੁਧਿਆਣਾ, 23 ਮਈ : ਪੰਜਾਬੀ ਸਿਨੇਮਾ ਨੂੰ ਰਾਸ਼ਟਰੀ ਪੱਧਰ 'ਤੇ ਪਹਿਚਾਣ ਦਿਵਾਉਣ ਵਾਲੀ ਸ਼ਾਹਕਾਰ ਫਿਲਮ 'ਚੰਨ ਪ੍ਰਦੇਸੀ' ਦਾ ਰੀਮਾਸਟਰਡ ਵਰਜ਼ਨ 27 ਮਈ ਨੂੰ ਸਿਨੇਮਾਘਰਾਂ ਰਿਲੀਜ਼ ਹੋਣ ਜਾ ਰਿਹਾ ਹੈ। 

ਰਾਜ ਬੱਬਰ, ਕੁਲਭੂਸ਼ਨ ਖਰਬੰਦਾ, ਰਮਾ ਵਿਜ, ਅਮਰੀਸ਼ ਪੁਰੀ, ਓਮ ਪੁਰੀ ਤੇ ਮਿਹਰ ਮਿੱਤਲ ਵਰਗੇ ਦਿੱਗਜ ਕਲਾਕਾਰਾਂ ਨੂੰ ਲੈ ਕੇ ਚਾਰ ਦਹਾਕੇ ਪਹਿਲਾਂ ਬਣੀ ਇਸ ਫਿਲਮ ਨਾਲ ਉਸ ਸਮੇਂ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਜ਼ਬਰਦਸਤ ਮੋੜ ਆਇਆ ਸੀ। ਫਿਲਮ ਦੀ ਰੀਮਾਸਟਰਿੰਗ ਦਾ ਬੀੜਾ ਲੰਡਨ ਫਿਲਮ ਸਕੂਲ ਵਿੱਚ ਫਿਲਮ ਨਿਰਮਾਣ ਦੇ ਵਿਸ਼ੇ ਵਿੱਚ ਐਮ.ਏ. ਕਰ ਰਹੇ ਇੰਟਰਨੈਸ਼ਨਲ ਐਵਾਰਡ ਜੇਤੂ ਫਿਲਮ ਮੇਕਰ ਸਿਮਰਨ ਸਿੱਧੂ, ਉਨ੍ਹਾਂ ਦੇ ਇੰਗਲੈਂਡ ਵੱਸਦੇ ਪਿਤਾ ਡਾ. ਚਰਨ ਸਿੰਘ ਸਿੱਧੂ ਤੇ ਲੇਖਕ ਬਲਦੇਵ ਗਿੱਲ ਨੇ 2011 ਵਿੱਚ ਚੁੱਕਿਆ ਤੇ ਲਗਪਗ 10 ਸਾਲ ਦੀ ਮਸ਼ਕੱਤ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਸੋਮਵਾਰ ਨੂੰ ਲੁਧਿਆਣਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਫਿਲਮ ਦੀ ਡਿਜੀਟਲਾਈਜ਼ੇਨ ਤੇ ਰੀਮਾਸਟਰਿੰਗ ਬਾਰੇ ਗੱਲ ਕਰਦਿਆਂ ਡਾ. ਚਰਨ ਸਿੰਘ ਸਿੱਧੂ ਨੇ ਇਸ ਵਿਲੱਖਣ ਕਾਰਜ ਦੇ ਸਫ਼ਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜਿਵੇਂ ਹਾਲੀਵੁੱਡ ਤੇ ਬਾਲੀਵੁੱਡ ਵਿੱਚ ਪੁਰਾਣੀਆਂ ਕਲਾਸਿਕ ਫਿਲਮਾਂ ਨੂੰ ਸਾਂਭਣ ਦੀ ਰਿਵਾਇਤ ਹੈ, ਇਵੇਂ ਹੀ ਪੰਜਾਬੀ ਵਿੱਚ ਇਹ ਸ਼ੁਰੂਆਤ ਕਰ ਕੇ ਅਸੀਂ ਦਿਖਾਉਣਾ ਚਾਹਿਐ ਕਿ ਪੁਰਾਣੀਆਂ ਪੰਜਾਬੀ ਫਿਲਮਾਂ ਵੀ ਨਵੀਆਂ੨ ਨਾਲੋਂ ਘੱਟ ਨਹੀਂ ਸਨ।

ਫਿਲਮ ਦੇ ਲੇਖਕ ਬਲਦੇਵ ਸਿੰਘ ਨੇ ਦੱਸਿਆ ਕਿ ਜੇ.ਐਸ.ਚੀਮਾ, ਰਾਣਾ ਜੰਗ ਬਹਾਦਰ ਤੇ ਉਹਨਾਂ (ਗਿੱਲ) ਨੇ   ਕਹਾਣੀ 'ਤੇ ਫਿਲਮ ਬਨਾਉਣੀ ਸ਼ੁਰੂ ਕੀਤੀ ਤਾਂ ਸਾਰੇ ਹੀ ਅਦਾਕਾਰ ਥਿਏਟਰ ਨਾਲ ਜੁੜੇ ਹੋਣ ਕਾਰਨ ਓਹਨਾਂ ਦੇ ਤਜ਼ਰਬੇ ਦਾ ਮੈਨੂੰ ਬਹੁਤ ਫਾਇਦਾ ਹੋਇਆ। ਓਹਨਾਂ ਨੇ ਸਕ੍ਰਿਪਟ ਨੂੰ ਤਰਾਸ਼ਣ ਦੀਆਂ ਸਲਾਹਾਂ ਦੇ ਦੇ ਕੇ ਮੈਨੂੰ ਰਾਈਟਰ ਬਣਾ ਦਿੱਤਾ। ਬਲਦੇਵ ਗਿੱਲ ਨੇ ਰੀਮਾਸਟਰਿੰਗ ਬਾਰੇ ਦੱਸਿਆ ਕਿ ਡਾ. ਸਿੱਧੂ ਨੇ ਮੈਨੂੰ ਇੰਗਲੈਂਡ ਆਮੰਤ੍ਰਿਤ ਕੀਤਾ ਸੀ। ਇੱਕ ਦਿਨ ਗੱਡੀ 'ਚ ਜਾਂਦਿਆਂ ਓਹਨਾਂ ਕਿਹਾ "ਚੰਨ ਪ੍ਰਦੇਸੀ" ਦਾ ਕਿਵੇਂ ਹੈ? ਮੈਂ ਕਿਹਾ, ਪੁਰਾਣੀ ਫਿਲਮ ਹੈ ਇਹ, ਹੋ ਗਿਆ ਜੋ ਹੋਣਾ ਸੀ।" ਡਾ. ਸਿੱਧੂ ਨੇ ਕਿਹਾ ਕਿ ਜੇ ਇਸਦੀ ਰੀਮਾਸਟਰਿੰਗ ਕਰ ਕੇ ਦੋਬਾਰਾ ਰਿਲੀਜ਼ ਕੀਤਾ ਜਾਵੇ? ਮੈਂ ਚੁੱਪ! ਫੇਰ ਡਾ. ਸਿੱਧੂ ਨੇ ਪਿਛਲੀ ਸੀਟ 'ਤੇ ਬੈਠੇ ਸਿਮਰਨ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਓਹਨਾਂ ਕਿਹਾ, "ਕਿਉਂ ਨਹੀਂ ! ਜਿਵੇਂ ਗੌਡਫਾਦਰ ਦੀ ਰੀਮਾਸਟਰਿੰਗ ਹੋਈ ਹੈ ਆਪਾਂ ਵੀ ਕਰ ਸਕਦੇ ਹਾਂ। ਮੈਂ ਡਾ. ਸਿੱਧੂ ਨੂੰ ਕਿਹਾ "ਇਹ ਕੰਮ ਤੁਸੀਂ ਹੀ ਕਰ ਸਕਦੇ ਹੋ, ਨਾ ਮੈਂ ਕਰ ਸਕਦਾਂ, ਨਾ ਹੀ ਕੋਈ ਹੋਰ। ਤੇ ਨਤੀਜਾ ਸਾਹਮਣੇ ਹੈ। ਨਵੀਂ ਪੀੜ੍ਹੀ ਦੇ ਦਰਸ਼ਕਾਂ ਨੂੰ ਫਿਲਮ ਪਸੰਦ ਆਵੇਗੀ। ਜਿਨ੍ਹਾਂ ਨੇ ਪਹਿਲਾਂ ਵੇਖੀ ਹੋਈ ਹੈ, ਓਹ ਵੀ ਇਸ ਫਿਲਮ ਨੂੰ ਵੇਖ ਕੇ ਕੰਮ ਦੀ ਸ਼ਲਾਘਾ ਕਰਨਗੇ।