Punjabi Poem Akha'n by Ashvani Jaitly.

ਕਵਿਤਾ / ਅੱਖਾਂ / ਅਸ਼ਵਨੀ ਜੇਤਲੀ


ਅੱਖਾਂ ਬੋਲਦੀਆਂ

ਅੱਖਾਂ ਬਹੁਤ ਕੁੱਝ ਕਹਿੰਦੀਆਂ

ਪਰ ਕਈ ਵਾਰ ਬੋਲਣਾ ਚਾਹੁੰਦੇ ਹੋਏ ਵੀ 

ਖਾਮੋਸ਼ ਰਹਿੰਦੀਆਂ 

ਬੜਾ ਕੁੱਝ ਸਹਿੰਦੀਆਂ


ਅੱਖਾਂ ਉਦਾਸ ਹੋ ਜਾਂਦੀਆਂ 

ਰੋੰਦੀਆਂ, ਕੁਰਲਾਉਂਦੀਆਂ

ਉਡੀਕ ਕਰਦੀਆਂ 

ਬਾਤਾਂ ਪਾਉਂਦੀਆਂ

ਕਿਸੇ ਵੱਲ ਨੀਝਾਂ ਲਾਉਂਦੀਆਂ

ਕਿਸੇ ਤੋਂ ਭੌਂਅ ਕੇ ਪੱਲਾ ਛੁੜਾਉੰਦੀਆਂ

ਕਿਸੇ ਨੂੰ ਇਸ਼ਾਰੇ ਨਾਲ ਕੋਲ ਬੁਲਾਉਂਦੀਆਂ

ਕਿਸੇ ਨੂੰ ਨਕਾਰਦੀਆਂ

ਕਿਸੇ ਨੂੰ ਪਿਆਰਦੀਆਂ

ਵੱਡਿਆਂ ਨੂੰ ਸਤਿਕਾਰਦੀਆਂ

ਛੋਟਿਆਂ ਨੂੰ ਦੁਲਾਰਦੀਆਂ

ਝੁੱਕ ਜਾਣ ਤਾਂ ਹਾਰਦੀਆਂ

ਅੜ ਜਾਣ ਤਾਂ ਵੱਡਿਆਂ ਵੱਡਿਆਂ ਨੂੰ ਕੱਚੇ ਲਾਹੁੰਦੀਆਂ

ਮਨਸ਼ੇ ਤਾੜਦੀਆਂ

ਪੱਥਰਾਂ ਨੂੰ ਪਾੜਦੀਆਂ


ਹੁਸਨ ਹੀਰ ਨੂੰ ਤੱਕ ਕੇ ਅੱਖਾਂ 

ਧੀਦੋ ਤਾਈਂ ਚਾਕ ਬਨਾਵਣ

ਸਾਹਿਬਾਂ ਦੇ ਭਾਈਆਂ ਦੇ ਹੱਥੋਂ 

ਮਿਰਜ਼ੇ ਜੱਟ ਨੂੰ ਇਹ ਮਰਵਾਵਣ

ਸੋਹਣੀ ਨੂੰ ਇਹ ਝਨਾਂ 'ਚ ਡੋਬਣ 

ਸੱਸੀ ਨੂੰ ਥਲ ਵਿੱਚ ਭਟਕਾਵਣ


ਅੱਖਾਂ ਹੀ ਨੇ ਜੋ ਜੱਗ ਅੰਦਰ

ਜੋ ਚਾਹੁਣ ਇਹ ਉਹ ਕਰਵਾਵਣ

ਨੀਅਤ ਡੁਲਾ ਈਮਾਨ ਡੁਲਾਵਣ

ਨੇਕਨੀਤੀ ਰਖ ਭਾਗ ਜਗਾਵਣ

ਅਸ਼ੁੱਧ ਹੋਣ ਤਾਂ ਬੁੱਧੂ ਕਰਦੀਆਂ

ਸ਼ੁੱਧ ਹੋਵਣ ਤਾਂ ਬੁੱਧ ਬਨਾਵਣ


ਅੱਖਾਂ ਭੂਰੀਆਂ

ਅੱਖਾਂ ਕਾਲੀਆਂ

ਅੱਖਾਂ ਬਿਲੌਰੀ

ਅੱਖਾਂ ਨੀਲੀਆਂ

ਅੱਖਾਂ ਨਸ਼ੀਲੀਆਂ

ਚੁਸਤ ਹੋਣ ਤਾਂ ਕਾਸ਼ਨੀ

ਸੁਸਤ ਹੋਣ ਤਾਂ ਜ਼ਰਦ ਪੀਲੀਆਂ


ਅੱਖਾਂ ਦੇ ਅੱਖਰ ਕੋਈ ਕੋਈ ਪੜ੍ਹਦਾ

ਨਸ਼ੀਲੀਆਂ ਹੋਣ ਤਾਂ ਹਰ ਕੋਈ 

ਮੁੜ ਮੁੜ ਤੱਕਦਾ

ਗੁਸੈਲੀਆਂ ਮੂਹਰੇ ਕੋਈ ਨਾ ਖੜ੍ਹਦਾ


ਕਦੇ ਇਹ ਨਿੱਸਲ ਕਦੇ ਨਿਸ਼ੰਗ

ਕਿਤੇ ਡਰੂ ਤੇ ਕਿਤੇ ਦਬੰਗ

ਮੇਰੇ ਤੋਂ ਤਾਂ ਦੱਸ ਨੀ ਹੋਣੇ

ਅੱਖਾਂ ਦੇ ਬਈ ਲੱਖਾਂ ਰੰਗ