poem# penned by#ashvani jaitly#dil#di#canvass#te#ukkre#harf.
ਦਿਲ ਦੀ ਕੈੱਨਵਸ ਉੱਤੇ ਉੱਕਰੇ ਹਰਫ਼ / ਅਸ਼ਵਨੀ ਜੇਤਲੀ
ਅੱਲੇ ਜ਼ਖ਼ਮ ਮੁਹੱਬਤਾਂ ਵਾਲੇ
ਦਿਲ ਨੂੰ ਡਾਅਢਾ ਤੰਗ ਕਰਦੇ ਨੇ
ਫਿਰ ਵੀ ਦਿਲ ਦੀ ਕੈੱਨਵਸ ਉੱਤੇ
ਨਾਮ ਉਹਦੇ ਦਾ ਰੰਗ ਭਰਦੇ ਨੇ
ਕਦੇ ਕਦੇ ਮਨ ਮਾਰ ਉਡਾਰੀ
ਯਾਦਾਂ ਨੂੰ ਜਦ ਫੜਨ ਹੈ ਜਾਂਦਾ
ਵਿੱਚ ਅਕਾਸ਼ੀਂ ਪੰਛੀ ਬਣ ਕੇ
ਲੋਟਣੀਆਂ ਵੀ ਖ਼ੂਬ ਹੈ ਖਾਂਦਾ
ਸੋਚ ਦਾ ਦੀਵਾ ਬਾਲ ਕੇ ਬੈਠਾਂ
ਗ਼ਮ ਦੀ ਪੌਣ ਬੁਝਾ ਜਾਂਦੀ ਐ
ਵਿਛੜੇ ਸੱਜਣਾਂ ਦੀ ਉਸ ਵੇਲੇ
ਯਾਦ ਸਾਨੂੰ ਤੜਪਾ ਜਾਂਦੀ ਐ
ਮਹਿਰਮ ਦਿਲ ਦਾ ਦੂਰ ਏ ਹੋਇਆ
ਖੌਰੇ ਕਿਉਂ ਮਗ਼ਰੂਰ ਏ ਹੋਇਆ
ਤੱਕਿਆ ਸੰਗ ਉਸਦਾ ਜੋ ਪਾ ਕੇ
ਹਰ ਸੁਪਨਾ ਹੁਣ ਚੂਰ ਏ ਹੋਇਆ
ਫਿਰ ਵੀ ਦਿਲ ਹੈ ਕੀ ਕਰੀਏ ਇਹਦਾ
ਉਸਦੇ ਵੱਲ ਹੀ ਨੱਸਦਾ ਜਾਵੇ
ਜਿਸਨੇ ਹੁਣ ਨਈਂ ਆਉਣਾ ਮੁੜ ਕੇ
ਉਸਨੂੰ ਆਪਣੇ ਕੋਲ ਬੁਲਾਵੇ
ਆ ਜਾ ਆ ਜਾ ਇੱਕ ਵਾਰ ਹੀ ਆ ਜਾ
ਲੱਖਾਂ ਵਾਰ ਇਹ ਤਰਲਾ ਪਾਵੇ
ਸਜਣਾਂ ਨੂੰ ਕਰ ਯਾਦ ਇਹ ਇੱਕ ਪਲ
ਫੁੱਲਾਂ ਵਾਂਗੂੰ ਖਿੜ ਖਿੜ ਜਾਵੇ
ਦੂਜੇ ਪਲ ਆ ਸੁਪਨਿਓੱ ਬਾਹਰ
ਰਾਤ ਦੀ ਰਾਣੀ ਜਿਉਂ ਮੁਰਝਾਵੇ
ਮਹਿਕ ਵਿਹੂਣਾ ਹੋ ਕੁਮਲਾਵੇ
ਸੋਚਾਂ ਹੁਣ ਨਹੀਂ ਚੇਤੇ ਕਰਨਾ
ਜਿਊਣੈੰ, ਏਦਾਂ ਵੀ ਨਹੀਂ ਮਰਨਾ
ਕੀ ਹੋਇਆ ਜੇ ਛੱਡ ਗਿਆ ਕੋਈ
ਜਿਸਮ ਹੀ ਮਰਿਆ ਰੂਹ ਨਈੰ ਮੋਈ
ਲੇਕਿਨ ਕਹਿਣਾ ਹੀ ਸੌਖਾ ਏ
ਹਰਫ਼ ਸਲੇਟੀਂ ਮਿਟ ਜਾਂਦੇ ਨੇ
ਪਰ, ਦਿਲ ਦੀ ਕੈੱਨਵਸ ਉੱਤੇ ਉੱਕਰੇ
ਅੱਖਰਾਂ ਨੂੰ ਮਿਟਾਉਣਾ
ਬਹੁਤ ਔਖਾ ਏ
ਬਹੁਤ ਔਖਾ ਏ