Ghazal penned by Ashvani Jaitly.
ਗ਼ਜ਼ਲ / ਅਸ਼ਵਨੀ ਜੇਤਲੀ
ਤੂੰ ਹੀ ਖ਼ਾਬਾਂ ਦੇ ਵਿੱਚ ਮੇਰੇ, ਤੂੰ ਹੀ ਵਿੱਚ ਖਿਆਲਾਂ
ਹਰ ਪਲ ਹੋਵੇਂ ਅੰਗ-ਸੰਗ ਫਿਰ ਕਿਉਂ ਐਧਰ ਓਧਰ ਭਾਲਾਂ
ਮਹਿਕ ਅਜੇ ਵੀ ਏਹਨਾਂ ਵਿੱਚੋਂ ਵਸਲ ਛਿਣਾਂ ਦੀ ਆਵੇ
ਹਿਜਰ ਪਲਾਂ ਵਿੱਚ ਖ਼ਤ ਪੁਰਾਣੇ, ਦੌਲਤ ਵਾਂਗ ਸੰਭਾਲਾਂ
ਕਦੋਂ ਹੈ ਮੁੱਕਣੀ ਰਾਤ ਇਹ ਚੰਦਰੀ, ਕਦੋਂ ਸਵੇਰਾ ਹੋਣਾ
ਮਨ ਮੇਰੇ ਨੂੰ ਘੇਰਿਆ ਹੋਇਆ ਏਹਨਾਂ ਦੋ ਸਵਾਲਾਂ
ਭੋਲੇ ਬੰਦੇ ਦਾ ਰੱਬ ਬੇਲੀ, ਤੱਤੀ ਵਾਅ ਨਾ ਲੱਗੇ
ਸ਼ਾਤਰ ਦੁਸ਼ਮਣ ਚੱਲੇ ਭਾਵੇਂ, ਜਿੰਨੀਆਂ ਮਰਜ਼ੀ ਚਾਲਾਂ
ਵਾੜ ਖੇਤ ਨੂੰ ਖਾ ਗਈ, ਬਣਿਆ ਮੁਨਸਿਫ਼ ਹੀ ਹੁਣ ਮੁਜਰਿਮ
ਤਾਂ ਹੀ ਤਾਂ ਕੁਮਲਾਈਆਂ ਬਾਗੀਂ, ਫੁੱਲ-ਪੱਤੀਆਂ ਤੇ ਡਾਲਾਂ
ਮਿਲੀ ਨਾ ਅੱਜ ਦਿਹਾੜੀ, ਬੈਠਾ ਕਾਮਾ ਏਹੋ ਸੋਚੇ
ਔਕੜਾਂ-ਥੁੜ੍ਹਾਂ ਬਲਾਵਾਂ ਬਣੀਆਂ, ਕਿੱਦਾਂ ਸਿਰ ਤੋਂ ਟਾਲਾਂ
ਸੀਨੇ ਰੋਹ ਦੀ ਅਗਨ ਮਘੇ ਜਦ ਵੇਖਾਂ ਠੰਢੇ ਚੁੱਲ੍ਹੇ
ਸਾਥੀ ਆਵੇ ਚੇਤੇ, ਕਹਿੰਦਾ, ਬਾਲ਼ ਕੇ ਚਲੋ ਮਸ਼ਾਲਾਂ